ਆਖਿਰ ਕਿੰਨਾ ਕੁ ਚਿਰ ਵਿਆਹਾਂ 'ਚ ਹੁੰਦੀ ਰਹੇਗੀ ਠਾਅ ਠਾਅ..?

Last Updated: Jan 09 2018 20:37
Reading time: 5 mins, 14 secs

ਪੁਰਾਣੇ ਸਮੇਂ ਵਿੱਚ ਅਸਲੇ ਵਾਲੇ ਵਿਅਕਤੀ ਨੂੰ ਚੋਰਾਂ ਅਤੇ ਡਾਕੂਆਂ ਤੋਂ ਬਚਾਅ ਲਈ ਬਰਾਤ (ਜੰਝ) ਦੇ ਨਾਲ ਲਿਜਾਇਆ ਜਾਂਦਾ ਸੀ। ਉਹ ਕਈ ਵਾਰ ਬਦਮਾਸ਼ਾਂ ਆਦਿ ਵਿੱਚ ਦਹਿਸ਼ਤ ਪਾਉਣ ਲਈ ਇੱਕ-ਅੱਧਾ ਫਾਇਰ ਵੀ ਕੱਢ ਦਿੰਦਾ ਸੀ। ਪਰ ਅੱਜ ਕੱਲ੍ਹ ਤਾਂ ਵਿਆਹ ਤੋਂ ਪਹਿਲੋਂ ਸਾਰੇ ਜਾਣੂ ਬੰਦਿਆਂ ਦੇ ਲਾਇਸੈਂਸ ਤੇ ਗੋਲੀਆਂ-ਕਾਰਤੂਸ ਇਕੱਠੇ ਕੀਤੇ ਜਾਂਦੇ ਹਨ। ਅਸਲੇ ਵਾਲੇ ਹਵਾਈ ਫਾਇਰ ਕਰਨ ਦੇ ਸ਼ੌਕੀਨ ਫੁਕਰਿਆਂ ਨੂੰ ਖਾਸ ਤੌਰ 'ਤੇ ਕਾਰਡ ਵੰਡੇ ਜਾਂਦੇ ਹਨ ਅਤੇ ਸਖਤ ਤਾਕੀਦ ਕੀਤੀ ਜਾਂਦੀ ਕਿ ਬਿਨਾ ਪਿਸਤੌਲ ਤੋਂ ਨਾ ਆਇਓ।

ਹੈਰਾਨ ਹੋ ਜਾਈਦਾ ਕਿ ਇੱਕ ਪਾਸੇ ਤਾਂ ਸਾਡੇ ਲੋਕ ਇਹ ਕਹਿੰਦੇ ਨੇ ਕਿ ਵਿਆਹਾਂ ਵਿੱਚ ਫਾਇਰਿੰਗ ਆਦਿ ਨਹੀਂ ਹੋਣੀ ਚਾਹੀਦੀ ਤੇ ਦੂਜੇ ਪਾਸੇ 'ਰੰਗ ਵਿੱਚ ਭੰਗ ਪਾਉਣ' ਵਾਲੇ ਵੀ ਕੋਈ ਬਾਹਰਲੇ ਨਹੀਂ ਹੁੰਦੇ। ਜਿਨ੍ਹਾਂ ਨੂੰ ਕਾਰਡ ਵੰਡੇ ਜਾਂਦੇ ਨੇ ਉਹ ਹੀ ਫੁਰਕਪੁਣਾ ਵਿਖਾਉਣ ਵਾਸਤੇ ਆਪਣੇ ਭਾਣੇ ਤਾਂ ਹਵਾਈ ਫਾਇਰ ਕਰਦੇ ਨੇ ਪਰ ਉਨ੍ਹਾਂ ਵੱਲੋਂ ਕੀਤੇ ਹਵਾਈ ਫਾਇਰ ਨਾਲ ਕਈ ਵਾਰ ਬੇਦੋਸ਼ੇ ਵਿਅਕਤੀ, ਔਰਤ ਜਾਂ ਫਿਰ ਮਾਸੂਮਾਂ ਦੀ ਜਾਨ ਚਲੀ ਜਾਂਦੀ ਹੈ।

ਦੋਸਤੋਂ, ਜੇਕਰ ਪਿਛਲੇ ਕਰੀਬ 40-50 ਸਾਲ ਪਹਿਲੋਂ ਦੀ ਗੱਲ ਕਰੀਏ ਤਾਂ ਪਿੰਡਾਂ ਵਿੱਚ ਸਿਰਫ ਦੋ-ਚਾਰ ਮੋਹਤਬਰ ਬੰਦਿਆਂ ਕੋਲ ਹੀ ਅਸਲਾ ਹੁੰਦਾ ਸੀ। ਪਿਸਤੌਲ ਵਿਦੇਸ਼ੀ ਹੋਣ ਕਰਕੇ ਬਹੁਤ ਮਹਿੰਗੇ ਸਨ ਤੇ ਹਰ ਕੋਈ ਨਹੀਂ ਸੀ ਖਰੀਦ ਸਕਦਾ, ਪਰ ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਇੱਥੇ ਦੇਸੀ ਪਿਸਤੌਲ ਬਣਨ ਲੱਗ ਪਏ। ਹੁਣ 'ਤੇ ਹਰ ਜਣਾ-ਖਣਾ ਡੱਬ ਵਿੱਚ ਟੰਗੀ ਫਿਰਦਾ ਹੈ। ਹਰੇਕ ਨੌਜਵਾਨ ਬਾਲਗ ਹੁੰਦੇ ਸਾਰ ਹੀ ਲਾਇਸੈਂਸ ਬਣਾਉਣ ਵੱਲ ਭੱਜਦਾ ਹੈ। ਵੈਸੇ ਵੇਖਿਆ ਜਾਵੇ ਤਾਂ ਲੱਚਰ ਗੀਤ ਆਦਿ ਨੂੰ ਸੁਣ ਕੇ ਜਵਾਨ ਹੋਈ ਅੱਜ ਦੀ ਨੌਜ਼ਵਾਨ ਪੀੜ੍ਹੀ ਨੂੰ ਅਸਲੀਅਤ ਬਾਰੇ ਪਤਾ ਨਹੀਂ ਹੈ।

ਜੇ ਕਿਸੇ ਦੀ ਗਲਤੀ ਨਾਲ ਵੀ ਗੋਲੀ ਵੱਜ ਕੇ ਮੌਤ ਹੋ ਜਾਵੇ ਤਾਂ ਸਮਝੋ ਗੋਲੀ ਮਾਰਨ ਵਾਲੇ ਦੀ ਜ਼ਿੰਦਗੀ ਬਰਬਾਦ। ਉਸ 'ਤੇ ਕਤਲ ਦਾ ਪਰਚਾ ਦਰਜ ਹੁੰਦਾ ਹੈ। ਕਤਲ ਦੇ ਪਰਚੇ ਵਿੱਚ ਸੁਪਰੀਮ ਕੋਰਟ ਤੋਂ ਵੀ ਛੇਤੀ ਜਮਾਨਤ ਨਹੀਂ ਹੁੰਦੀ। ਜੇ ਸਜ਼ਾ ਹੋ ਗਈ ਤਾਂ ਸਾਰੀ ਉਮਰ ਜੇਲ੍ਹ ਵਿੱਚ ਗਰਕ ਹੋ ਜਾਂਦੀ ਹੈ। ਦੋ ਮਿੰਟ ਦੀ ਫੁਕਰੀ ਤੇ ਦੋ-ਚਾਰ ਸੌ ਦੀ ਮੁਫਤ ਪੀਤੀ ਸ਼ਰਾਬ ਲੱਖਾਂ ਰੁਪਏ 'ਚ ਪੈਂਦੀ ਹੈ। ਪਿੱਛੋਂ ਘਰ ਵਾਲੇ ਥਾਣਿਆਂ-ਅਦਾਲਤਾਂ ਵਿੱਚ ਧੱਕੇ ਖਾਂਦੇ ਫਿਰਦੇ ਹਨ। ਵਿਆਹਾਂ ਵਿੱਚ ਆਮ ਵੇਖਣ ਵਿੱਚ ਆਇਆ ਹੈ ਕਿ ਗੋਲੀਆਂ ਚੱਲਦੀਆਂ ਸ਼ੁਰੂ ਹੁੰਦਿਆਂ ਸਾਰ ਹੀ ਸਿਆਣੇ ਬੰਦੇ ਉਠ ਕੇ ਘਰਾਂ ਵੱਲ ਨੂੰ ਵਹੀਰਾਂ ਘੱਤਣ ਲੱਗ ਪੈਂਦੇ ਹਨ।

ਜਾਣਕਾਰੀ ਦੇ ਮੁਤਾਬਿਕ ਅਸਲ੍ਹੇ ਦੀ ਸਭ ਤੋਂ ਵੱਧ ਨੁਮਾਇਸ਼ ਪੰਜਾਬ ਵਿੱਚ ਵਿਆਹ ਸਮਾਗਮਾਂ ਦੌਰਾਨ ਕੀਤੀ ਜਾਂਦੀ ਹੈ, ਜਿਸ ਦੀ ਤਾਜ਼ਾ ਉਦਾਹਰਨ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਤੋਂ ਮਿਲਦੀ ਹੈ, ਜਿੱਥੇ ਇੱਕ 24-25 ਸਾਲਾਂ ਦੇ ਨੌਜ਼ਵਾਨ ਦੀ ਵਿਆਹ ਸਮਾਗਮ ਵਿੱਚ ਚੱਲੀ ਗੋਲੀ ਕਰਕੇ ਮੌਤ ਹੋ ਗਈ। ਨੌਜ਼ਵਾਨ ਦੀ ਮੌਤ ਤੋਂ ਬਾਅਦ ਜਿੱਥੇ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਲੋਕਾਂ ਵਿੱਚ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਜੇ ਵਿਆਹ ਵਿੱਚ ਗੋਲੀ ਨਾ ਚੱਲਦੀ ਤਾਂ ਇਹ ਹਾਦਸਾ ਨਹੀਂ ਸੀ ਹੋਣਾ। ਗਲਤੀ ਤਾਂ ਸਾਡੇ ਲੋਕਾਂ ਦੀ ਹੈ ਜੋ ਹਥਿਆਰਾਂ ਵਾਲੇ ਬੰਦਿਆਂ ਨੂੰ ਵਿਸੇਸ਼ ਤੌਰ 'ਤੇ ਕਾਰਡ ਦੇ ਕੇ ਸੱਦਦੇ ਹਨ।

ਪ੍ਰਾਪਤ ਵੇਰਵਿਆ ਦੇ ਅਨੁਸਾਰ ਜੇਕਰ ਪਿਛਲੇ ਕੁੱਝ ਸਮੇਂ 'ਤੇ ਝਾਤ ਮਾਰੀ ਜਾਵੇ ਤਾਂ 20 ਅਪ੍ਰੈਲ 2016 ਨੂੰ ਹਰਿਆਣੇ ਦੇ ਯਮੁਨਾਨਗਰ ਵਿੱਚ ਵਿਆਹ ਸਮਾਗਮ ਦੌਰਾਨ ਇੱਕ ਤਿੰਨ ਸਾਲ ਦੀ ਮਾਸੂਮ ਬੱਚੀ ਦੀ ਗੋਲੀ ਲੱਗਣ ਨਾਲ ਮੌਤ, 18 ਨਵੰਬਰ 2016 ਹਰਿਆਣੇ ਦੇ ਕਰਨਾਲ ਵਿੱਚ ਵਿਆਹ ਸਮਾਗਮ ਦੌਰਾਨ ਹੀ ਕੀਤੇ ਹਵਾਈ ਫਾਇਰ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸੇ ਤਰ੍ਹਾਂ 5 ਦਸੰਬਰ 2016 ਨੂੰ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿੱਚ ਵਿਆਹ ਸਮਾਗਮ ਦੌਰਾਨ ਇੱਕ ਸਟੇਜ ਕਲਾਕਾਰ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ।

19 ਨਵੰਬਰ 2017 ਨੂੰ ਪੰਜਾਬ ਦੇ ਜ਼ਿਲ੍ਹਾ ਕੋਟਕਪੁਰਾ ਵਿੱਚ ਇੱਕ ਅੱਠ ਸਾਲਾਂ ਦਾ ਮਾਸੂਮ ਬੱਚਾ ਜੋ ਗੁਆਂਢੀਆਂ ਦੇ ਘਰ ਵਿਆਹ ਸਮਾਗਮ 'ਤੇ ਗਿਆ, ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸੇ ਤਰ੍ਹਾਂ ਅੱਜ ਤੋਂ ਕਰੀਬ ਤਿੰਨ ਕੁ ਦਿਨ ਪਹਿਲਾਂ ਤਰਨਤਾਰਨ ਵਿਖੇ ਇੱਕ ਨੌਜ਼ਵਾਨ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ। ਅਜਿਹੀਆਂ ਹੋਰ ਕਈ ਘਟਨਾਵਾਂ ਜ਼ਿਆਦਾਤਰ ਹਰਿਆਣਾ ਅਤੇ ਪੰਜਾਬ ਵਿੱਚ ਹੀ ਹੋ ਰਹੀਆਂ ਹਨ। ਬਾਕੀ ਸੂਬਿਆਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਹੀ ਸੁਣਨ ਨੂੰ ਮਿਲਦੀਆਂ ਹਨ। ਸ਼ਾਇਦ ਰੁਤਬੇ ਦਾ ਲੋਕ ਦਿਖਾਵਾ ਇਸ ਕਦਰ ਭਾਰੂ ਹੋ ਗਿਆ ਹੈ ਕਿ ਇਸ ਤਰ੍ਹਾਂ ਅਸਲ੍ਹੇ ਦੀ ਵਰਤੋ ਦੇ ਨਤੀਜਿਆਂ ਨੂੰ ਅੱਖੋਂ-ਪਰੋਖੇ ਕਰਕੇ ਸਾਡਾ ਸਮਾਜ ਅੱਖਾਂ 'ਤੇ ਪੱਟੀ ਬੰਨ੍ਹੀਂ ਬੈਠਾ ਹੈ।

ਵੇਖਿਆ ਜਾਵੇ ਤਾਂ ਅਜਿਹੀਆਂ ਮੰਦਭਾਗੀ ਘਟਨਾਵਾਂ ਤੋਂ ਬਾਅਦ ਕੁੱਝ ਦਿਨ ਅਖਬਾਰਾਂ ਅਤੇ ਸਮਾਜ ਵਿੱਚ ਹਥਿਆਰਾਂ ਦੀ ਰੋਕ ਸਬੰਧੀ ਖੂਬ ਚਰਚਾ ਹੁੰਦੀ ਹੈ ਅਤੇ ਫੇਰ ਘਟਨਾ ਦੀਆਂ ਯਾਦਾਂ ਧੁੰਦਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਵਿਆਹ ਸਮਾਗਮਾਂ ਵਿੱਚ ਹਥਿਆਰਾਂ ਦੀ ਨੁਮਾਇਸ਼ ਦਾ ਰੁਝਾਨ ਮੁੜ ਪਹਿਲੋਂ ਦੀ ਤਰ੍ਹਾਂ ਭਾਰੂ ਹੋ ਜਾਂਦਾ ਹੈ। ਜਾਣਕਾਰੀ ਦੇ ਅਨੁਸਾਰ ਜ਼ਿਆਦਾਤਰ ਵਿਆਹ ਸਮਾਗਮਾਂ ਵਿੱਚ ਕੀਤੇ ਜਾਣ ਵਾਲੇ ਫਾਇਰ ਲਾਇਸੈਂਸੀ ਅਸਲਾ ਧਾਰਕ ਵੱਲੋਂ ਨਹੀਂ ਕੀਤੇ ਜਾਂਦੇ।

ਅਸਲ੍ਹਾ ਭਾਵੇਂ ਲਾਇਸੈਂਸੀ ਹੁੰਦਾ ਹੈ, ਪਰ ਇਸ ਦੀ ਵਰਤੋ ਵਿਆਹਾਂ ਵਿੱਚ ਆਈ ਮੰਡੀਰ ਹੀ ਕਰਦੀ ਹੈ, ਜਿਨ੍ਹਾਂ ਨੂੰ ਹਥਿਆਰਾਂ ਦੇ ਇਸਤੇਮਾਲ ਦੀ ਮੁੱਢਲੀ ਜਾਣਕਾਰੀ ਵੀ ਨਹੀਂ ਹੁੰਦੀ। ਇਹ ਹੀ ਕਾਰਨ ਹੈ ਕਿ ਵਿਆਹ ਦੌਰਾਨ ਕੀਤੇ ਗਏ ਫਾਇਰ ਬੇਗੁਨਾਹਾਂ ਦੀ ਮੌਤਾਂ ਦਾ ਸਬੱਬ ਬਣਦੇ ਹਨ। ਕਿਸੇ ਅਸਲ੍ਹਾ ਧਾਰਕ ਦੇ ਹਥਿਆਰ ਦੇ ਨਾਲ ਦੂਜੇ ਵਿਅਕਤੀ ਵੱਲੋਂ ਫਾਇਰ ਕਰਨਾ ਕਾਨੂੰਨੀ ਜੁਰਮ ਹੈ। ਅਸਲ੍ਹਾ ਕੋਈ ਖੇਡਣ ਦੀ ਵਸਤੂ ਨਹੀਂ ਹੈ। ਇਸ ਲਈ ਅਸਲ੍ਹਾ ਧਾਰਕਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਸਮਾਗਮਾਂ ਦੌਰਾਨ ਆਪਣੇ ਨਿਜੀ ਹਥਿਆਰ ਲੈ ਕੇ ਜਾਣ ਤੋਂ ਗੁਰੇਜ਼ ਕਰਨ।

ਮਿਤਰੋਂ, ਜੇਕਰ ਪੈਲੇਸਾਂ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਮੈਰਿਜ ਪੈਲੇਸ ਵਾਲਾ ਫਾਇਰ ਕਰਨ ਤੋਂ ਸਖਤੀ ਨਾਲ ਰੋਕਦਾ ਹੈ, ਲੋਕ ਉਸ ਦਾ ਪੈਲੇਸ ਬੁੱਕ ਕਰਨ ਤੋਂ ਟਾਲਾ ਵੱਟਣ ਲੱਗ ਜਾਂਦੇ ਹਨ। ਉਹ ਵੀ ਮੈਰਿਜ ਪੈਲੇਸ ਵਿੱਚ 'ਫਾਇਰ ਕਰਨਾ ਮਨ੍ਹਾ ਹੈ' ਦਾ ਬੋਰਡ ਲਗਾ ਕੇ ਜ਼ਿੰਮੇਵਾਰੀ ਪੂਰੀ ਕਰ ਲੈਂਦੇ ਹਨ। ਜੇ ਕਿਤੇ ਪੁਲਿਸ ਵਾਲੇ ਦਖਲਅੰਦਾਜ਼ੀ ਕਰਨ ਤਾਂ ਸ਼ਰਾਬ ਨਾਲ ਅੰਨ੍ਹੇ ਹੋਏ ਲੋਕ ਗਲ ਪੈਂਦੇ ਹਨ ਕਿ ਤੁਸੀਂ ਸਾਡਾ ਵਿਆਹ ਖਰਾਬ ਕਰ ਰਹੇ ਹੋ।

ਪੰਜਾਬ ਵਿੱਚ ਕਿਸੇ ਨੂੰ ਖੁਸ਼ ਕਰਨਾ ਹੋਵੇ ਤਾਂ ਉਸ ਨੂੰ ਲਾਇਸੈਂਸ ਬਣਾ ਕੇ ਦਿਓ। ਘਰ ਵਿੱਚ ਰੋਟੀ ਭਾਵੇਂ ਨਾ ਪੱਕਦੀ ਹੋਵੇ ਪਰ ਹਥਿਆਰ ਜ਼ਰੂਰ ਚਾਹੀਦਾ ਹੈ। ਇਸ ਸਬੰਧੀ ਮੈਂ ਫਿਰੋਜ਼ਪੁਰ ਜ਼ਿਲ੍ਹੇ ਦੇ ਡੀਸੀ ਰਾਮਵੀਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਰਿਜ ਪੈਲੇਸਾਂ ਵਿੱਚ ਹਥਿਆਰ ਲੈ ਕੇ ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ, ਜੇਕਰ ਕੋਈ ਹਥਿਆਰ ਲੈ ਕੇ ਮੈਰਿਜ ਪੈਲੇਸ ਵਿੱਚ ਜਾਂਦਾ ਹੈ ਜਾਂ ਹਵਾਈ ਫਾਇਰਿੰਗ ਕਰਦਾ ਹੈ ਤਾਂ ਪ੍ਰਸ਼ਾਸਨ ਇਸ 'ਤੇ ਬਣਦੀ ਕਾਰਵਾਈ ਕਰਦਾ ਹੈ।

ਸੋ ਦੋਸਤੋਂ, ਹਥਿਆਰ ਆਦਮੀ ਦੀ ਆਤਮ ਰੱਖਿਆ ਲਈ ਹੁੰਦੇ ਹਨ, ਸ਼ੋਸ਼ੋਬਾਜ਼ੀ, ਹਵਾਈ ਫਾਇਰ ਕਰਨ ਅਤੇ ਲੋਕਾਂ ਨੂੰ ਡਰਾਉਣ ਲਈ ਨਹੀਂ। ਇਸ ਲਈ ਸਾਡੇ ਸਮਾਜ ਅਤੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵਿਆਹ ਸਮਾਗਮਾਂ ਵਿੱਚ ਅਸਲ੍ਹੇ ਦੀ ਨਾਜਾਇਜ਼ ਵਰਤੋ ਕਾਰਨ ਹੋ ਰਹੀਆਂ ਮੌਤਾਂ ਨੂੰ ਠੱਲ੍ਹ ਪਾਉਣ ਲਈ ਬਣਾਏ ਗਏ ਕਾਨੂੰਨ ਸਖ਼ਤੀ ਨਾਲ ਲਾਗੂ ਕਰਨੇ ਚਾਹੀਦੇ ਹਨ ਅਤੇ ਪੁਰਾਣੇ ਕਾਨੂੰਨ ਵਿੱਚ ਅੱਜ ਦੀ ਲੋੜ ਅਨੁਸਾਰ ਸੋਧ ਕਰਨੀ ਚਾਹੀਦੀ ਹੈ। ਇੱਥੇ ਸਾਡੇ ਸਮਾਜ ਨੂੰ ਵੀ ਸਮਝਣਾ ਪਵੇਗਾ। ਉਹ ਵਿਆਹ ਸਮਾਗਮ ਵਿੱਚ ਹਥਿਆਰਾਂ ਆਦਿ ਦੀ ਵਰਤੋ ਨਾ ਕਰਨ ਅਤੇ ਜੇਕਰ ਕੋਈ ਕਰਦਾ ਵੀ ਹੈ ਤਾਂ ਹੱਥ ਜੋੜ ਦੇਣ ਕਿ ਹਥਿਆਰ ਨਹੀਂ ਚਲਾਉਣੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।