ਕਿਤੇ ਬਾਦਲਾਂ ਦੇ ਬਠਿੰਡੇ ਵਾਲੇ "ਏਮਜ਼" ਦਾ ਹਾਲ ਵੀ ਅੰਤਰਰਾਸ਼ਟਰੀ ਕ੍ਰਿਕਟ ਮੈਦਾਨ ਵਾਲਾ ਨਾ ਹੋਵੇ.!!!

ਬਠਿੰਡਾ ਸ਼ਹਿਰ ਦੀ ਡੱਬਵਾਲੀ ਰੋਡ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਖੇਤਰੀ ਖੋਜ ਕੇਂਦਰ ਇਸ ਸਮੇਂ ਦੋ ਵੱਡੇ ਪ੍ਰੋਜੈਕਟਾਂ ਨੂੰ ਜਮੀਨ ਦੇ ਕੇ ਉਨ੍ਹਾਂ ਦੀ ਉਸਾਰੀ ਸ਼ੁਰੂ ਹੋਣ ਦੀ ਉਡੀਕ ਵਿੱਚ ਹੈ। ਇਹ ਦੋ ਵੱਡੇ ਪ੍ਰੋਜੈਕਟ ਬਾਦਲ ਸਰਕਾਰ ਨਾਲ ਸਬੰਧਿਤ ਅਤੇ ਬਾਦਲ ਪਰਿਵਾਰ ਦੇ ਸੁਪਨਮਈ ਪ੍ਰੋਜੈਕਟ ਆਖੇ ਜਾਂਦੇ ਹਨ। ਇਹਨਾਂ ਵਿੱਚੋਂ ਇੱਕ ਹੈ ਅੰਤਰਰਾਸ਼ਟਰੀ ਕ੍ਰਿਕਟ ਮੈਦਾਨ ਜਿਸ ਦਾ ਕੇ ਨੀਂਹ ਪੱਥਰ 10 ਸਾਲ ਪਹਿਲਾਂ ਵੱਡੇ ਬਾਦਲ ਸਾਬ ਨੇ ਰੱਖਿਆ ਸੀ ਤੇ ਦੂਜਾ ਹੈ "ਏਮਜ਼" ਹਸਪਤਾਲ ਜਿਸ ਦਾ ਕੇ ਨੀਂਹ ਪੱਥਰ ਪਿਛਲੇ ਸਾਲ ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਸੀ। ਇਹਨਾਂ ਪ੍ਰੋਜੈਕਟਾਂ ਦੀ ਸਮਾਨਤਾ ਇਹ ਹੈ ਕਿ ਦੋਵੇਂ ਪ੍ਰੋਜੈਕਟ ਬਾਦਲ ਸਰਕਾਰ ਦੇ ਪ੍ਰਸਤਾਵਿਤ ਹਨ ਅਤੇ ਦੋਵਾਂ ਨੂੰ ਜਮੀਨ ਵੀ ਇੱਕ ਹੀ ਕੇਂਦਰ ਵਿੱਚੋਂ ਅਲਾਟ ਹੋਈ ਹੈ। ਪਰ ਸਭ ਤੋਂ ਵੱਡੀ ਸਮਾਨਤਾ ਇਹ ਹੈ ਕਿ ਦੋਵਾਂ ਪ੍ਰੋਜੈਕਟਾਂ ਦੇ ਵਿੱਚ ਹੁਣ ਤੱਕ ਨੀਂਹ ਪੱਥਰਾਂ ਤੋਂ ਇਲਾਵਾ ਹਾਲੇ ਤੱਕ ਉਸਾਰੀ ਦੀ ਇੱਕ ਵੀ ਇੱਟ ਨਹੀਂ ਲੱਗੀ ਹੈ। ਜਾਣਕਾਰੀ ਅਨੁਸਾਰ ਕ੍ਰਿਕਟ ਮੈਦਾਨ ਦੇ ਪ੍ਰੋਜੈਕਟ ਨੂੰ ਬਾਦਲ ਸਰਕਾਰ ਨੇ ਪਿਛਲੇ ਸਾਲ ਡੱਬਾ ਬੰਦ ਕਰ ਦਿੱਤਾ ਅਤੇ ਮੈਦਾਨ ਲਈ ਜਾਰੀ ਹੋਈ 25 ਏਕੜ ਜਮੀਨ ਨੂੰ 150 ਏਕੜ ਹੋਰ ਜੋੜ ਕੇ "ਏਮਜ਼" ਦੇ ਨਾਮ ਤੇ 175 ਏਕੜ ਜਮੀਨ ਸਿਹਤ ਵਿਭਾਗ ਹਵਾਲੇ ਕਰ ਦਿੱਤੀ ਸੀ।

ਇਸ ਮੈਦਾਨ ਦਾ ਪ੍ਰੋਜੈਕਟ ਡੱਬਾ ਬੰਦ ਹੋਣ ਦੇ ਨਾਲ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਸਰਕਾਰ ਦੀ ਮਨਜੂਰੀ ਨਾਲ ਪਿੰਡ ਮੁੱਲਾਂਪੁਰ (ਨਵਾਂ ਚੰਡੀਗੜ੍ਹ) ਵਿੱਚ ਮੈਦਾਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ ਜੋ ਕਿ ਹੁਣ ਉਸਾਰੀ ਅਧੀਨ ਹੈ। ਹੁਣ ਜੇਕਰ ਗੱਲ ਕੀਤੀ ਜਾਵੇ ਦੂਜੇ ਪ੍ਰੋਜੈਕਟ "ਏਮਜ਼" ਜਾਂ ਫਿਰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੀ ਤਾਂ ਇਹ ਪ੍ਰੋਜੈਕਟ ਮੋਦੀ ਸਰਕਾਰ ਨੇ 2015 ਵਿੱਚ ਐਲਾਨ ਕੀਤਾ ਸੀ। ਪੰਜਾਬ ਦੇ ਵਿੱਚ ਇਸ ਦੇ ਲਈ ਕਪੂਰਥਲਾ ਸ਼ਹਿਰ ਨੂੰ ਚੁਣਿਆ ਗਿਆ ਸੀ। ਪਰ ਬਠਿੰਡਾ ਤੋਂ ਲੋਕ ਸਭਾ ਮੈਂਬਰ, ਕੇਂਦਰੀ ਮੰਤਰੀ ਅਤੇ ਬਾਦਲ ਪਰਿਵਾਰ ਦੀ ਨੂੰਹ ਬੀਬੀ ਹਰਸਿਮਰਤ ਬਾਦਲ ਨੇ ਇਸ ਪ੍ਰੋਜੈਕਟ ਨੂੰ ਬਠਿੰਡਾ ਵਿੱਚ ਲਿਆਉਣ ਲਈ ਮੰਗ ਰੱਖੀ ਤੇ ਅਖੀਰ ਮਨਜ਼ੂਰ ਵੀ ਕਰਵਾਈ। ਇਸ ਤਰ੍ਹਾਂ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਬਿਲਕੁਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਨਵੰਬਰ 2016 ਨੂੰ ਇਸ ਦਾ ਨੀਂਹ ਪੱਥਰ ਰੱਖਿਆ ਸੀ। ਉਸ ਸਮੇਂ ਮੋਦੀ ਨੇ ਐਲਾਨ ਕੀਤਾ ਸੀ ਕੇ ਦੋ ਸਾਲ ਵਿੱਚ ਇੱਥੇ ਡਾਕਟਰੀ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਇਸ ਦਾ ਉਦਘਾਟਨ ਕਰਨ ਉਹ ਖ਼ੁਦ ਆਉਣਗੇ। ਪਰ ਹੁਣ ਇੱਕ ਸਾਲ ਬੀਤਣ ਦੇ ਬਾਅਦ ਵੀ ਇਸ ਹਸਪਤਾਲ ਵਿੱਚ ਉਸਾਰੀ ਦੇ ਨਾਮ ਤੇ ਸਿਰਫ਼ ਨੀਂਹ ਪੱਥਰ ਤੋਂ ਸਿਵਾਏ ਕੁਝ ਨਹੀਂ ਹੈ।

ਇਸ ਪ੍ਰੋਜੈਕਟ ਦੇ ਇੱਕ ਸਾਲ ਬਾਅਦ ਵੀ ਸ਼ੁਰੂ ਨਾ ਹੋ ਸਕਣ ਦੇ ਕਾਰਣ ਹੁਣ ਸਿਆਸੀ ਆਗੂਆਂ ਵੱਲੋਂ ਇਲਜ਼ਾਮਾਂ ਦੇ ਦੌਰ ਚੱਲ ਪਏ ਹਨ। ਇਸ ਪ੍ਰੋਜੈਕਟ ਨੂੰ ਬਠਿੰਡਾ ਲਿਆਉਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਇਸ ਦੇਰੀ ਦਾ ਸਾਰਾ ਦੋਸ਼ ਕੈਪਟਨ ਅਮਰਿੰਦਰ ਸਿੰਘ ਉੱਤੇ ਮੜ੍ਹਿਆ ਹੈ। ਹਰਸਿਮਰਤ ਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਜਾਣਬੁੱਝ ਕੇ ਇਸ ਜਮੀਨ ਨਾਲ ਸਬੰਧਿਤ ਇੱਕ ਦੋ ਕੰਮ ਨਹੀਂ ਹੋਣ ਦੇ ਰਹੇ ਹਨ। ਇਹਨਾਂ ਵਿੱਚੋਂ ਇੱਕ ਕੰਮ ਹੈ ਇੱਕ ਸਰਕਾਰੀ ਸਿੰਚਾਈ ਖਾਲ ਦਾ ਸਥਾਨ ਬਦਲਣਾ ਤੇ ਦੂਜੇ ਹੈ 175 ਏਕੜ ਜਮੀਨ ਵਿੱਚੋਂ ਬਾਕੀ ਰਹਿੰਦੀ 10 ਏਕੜ ਜਮੀਨ ਦੀ ਬਦਲੀ "ਏਮਜ਼" ਦੇ ਨਾਮ ਕਰਨਾ। ਬੀਬੀ ਬਾਦਲ ਅਨੁਸਾਰ ਇਹ ਕੰਮ ਕੈਪਟਨ ਸਰਕਾਰ ਨੇ ਸਿਆਸੀ ਬਦਲਾਖੋਰੀ ਤਹਿਤ ਰੋਕ ਰੱਖੇ ਹਨ। ਦੂਜੇ ਪਾਸੇ ਕੁਝ ਕਾਂਗਰਸੀਆਂ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਬਾਦਲਾਂ ਨੇ ਆਪਣੀ ਸੱਤਾ ਵਿੱਚ ਲਿਆਂਦਾ ਸੀ ਤਾਂ ਉਸ ਸਮੇਂ ਇਹ ਸਾਰੇ ਕੰਮ ਪੂਰੇ ਕਿਉਂ ਨਹੀਂ ਕੀਤੇ ਅਤੇ ਹੁਣ ਆਪਣੀ ਗ਼ਲਤੀ ਢੱਕਣ ਲਈ ਕਾਂਗਰਸ ਤੇ ਇਲਜਾਮ ਲਾਏ ਜਾ ਰਹੇ ਹਨ। ਬੀਬੀ ਬਾਦਲ ਨੇ ਇਹ ਵੀ ਕਿਹਾ ਹੈ ਕਿ ਕੈਪਟਨ ਨੇ 10 ਮਹੀਨੇ ਵਿੱਚ ਕੋਈ ਕੰਮ ਹੀ ਨਹੀਂ ਕੀਤਾ ਅਤੇ ਲੋਕਾਂ ਨੂੰ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦੇਣਾ ਚਾਹੀਦਾ ਹੈ।

ਜੇਕਰ ਇਸ ਪ੍ਰੋਜੈਕਟ ਦੀ ਗੱਲ ਕੀਤੀ ਜਾਵੇ ਤਾਂ ਕਰੀਬ ਸਾਢੇ ਸੱਤ ਹਜ਼ਾਰ ਬੈੱਡ, 100 ਸੀਟਾਂ ਦਾ ਮੈਡੀਕਲ ਕਾਲਜ, 60 ਸੀਟਾਂ ਦਾ ਨਰਸਿੰਗ ਕਾਲਜ ਅਤੇ ਇਸ ਸਭ ਲਈ ਕਰੀਬ 925 ਕਰੋੜ ਦਾ ਉਸਾਰੀ ਤੇ ਸਮਾਨ ਦਾ ਖ਼ਰਚ ਹੋਣ ਦਾ ਅੰਦਾਜਾ ਹੈ। ਇਸ ਪ੍ਰੋਜੈਕਟ ਨੂੰ ਜਮੀਨ ਪੰਜਾਬ ਸਰਕਾਰ ਵੱਲੋਂ ਅਤੇ ਸਾਰੀ ਉਸਾਰੀ ਸਮੇਤ ਬਾਕੀ ਖ਼ਰਚੇ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣੇ ਤੈਅ ਹੋਏ ਸਨ। ਕੇਂਦਰ ਸਰਕਾਰ ਵੱਲੋਂ ਇਸ ਲਈ ਫ਼ੰਡ ਮਨਜ਼ੂਰ ਵੀ ਕਰ ਦਿੱਤਾ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਸਾਰੇ ਕੰਮ ਪੂਰੇ ਨਾ ਮਿਲਣ ਕਾਰਨ ਹਾਲੇ ਵੀ ਇਹ ਵਿੱਚ ਵਿਚਾਲੇ ਲਟਕਿਆ ਹੋਇਆ ਹੈ।

ਇਸ ਪ੍ਰੋਜੈਕਟ ਦੇ ਬਣਨ ਦੇ ਨਾਲ ਮਾਲਵਾ ਖੇਤਰ ਖ਼ਾਸ ਕਰ ਬਠਿੰਡਾ, ਮਾਨਸਾ, ਮੁਕਤਸਰ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਬਰਨਾਲਾ ਆਦਿ ਜ਼ਿਲ੍ਹਿਆਂ ਦੇ ਨਾਲ-ਨਾਲ ਹਰਿਆਣਾ ਦੇ ਸਿਰਸਾ, ਹਿਸਾਰ ਅਤੇ ਰਾਜਸਥਾਨ ਦੇ ਗੰਗਾਨਗਰ ਇਲਾਕੇ ਦੇ ਲੋਕਾਂ ਨੂੰ ਮੈਡੀਕਲ ਸਹੂਲਤ ਦੇ ਵਿੱਚ ਬਹੁਤ ਜਿਆਦਾ ਫ਼ਾਇਦਾ ਮਿਲਣ ਦੀ ਉਮੀਦ ਹੈ। ਪਰ ਹੁਣ ਵੇਖਣਯੋਗ ਇਹ ਹੋਵੇਗਾ ਕਿ ਕੀਤੇ ਇਹ ਪ੍ਰੋਜੈਕਟ ਵੀ ਸਿਆਸੀ ਪਾਰਟੀਆਂ ਦੀ ਆਪਸੀ ਖਹਿਬਾਜ਼ੀ ਦੀ ਭੇਂਟ ਨਾ ਚੜ ਜਾਵੇ ਅਤੇ ਬਠਿੰਡੇ ਦੇ ਅੰਤਰਰਾਸ਼ਟਰੀ ਕ੍ਰਿਕਟ ਮੈਦਾਨ ਵਾਂਗ ਇਸ ਦਾ ਵੀ ਸਿਰਫ਼ ਨੀਂਹ ਪੱਥਰ ਹੀ ਲੱਗਿਆ ਰਹਿ ਜਾਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।