ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਜਲਿਆਂਵਾਲਾ ਬਾਗ ਦੀ ਪੁਰਾਣੀ ਦਿੱਖ ਮੁੜ ਬਹਾਲ ਕਰਵਾਉਣ ਅਤੇ ਐਂਟਰੀ ਟਿਕਟ ਲਾਉਣ ਦੇ ਫੈਸਲੇ ਵਿਰੁੱਧ 28 ਸਤੰਬਰ ਤੋਂ ਜਲਿਆਂਵਾਲਾ ਬਾਗ਼ ਦੇ ਬਾਹਰ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ, ਜਿਸਦੀ ਤਿਆਰੀ ਤਹਿਤ ਵੱਖ-ਵੱਖ ਪਿੰਡਾਂ ਸਿੰਘਾਂਵਾਲਾ, ਨੱਥੋਕੇ ਅਤੇ ਰੋਡੇ ਕਾਲਜ ਵਿਖੇ ਮੀਟਿੰਗਾਂ, ਰੈਲੀਆਂ ਕੀਤੀਆਂ ਗਈਆਂ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ ਪ੍ਰਧਾਨ ਮੋਹਨ ਸਿੰਘ ਔਲਖ, ਕਮਲ ਬਾਘਾਪੁਰਾਣਾ, ਜੀਵਨ ਸਿੰਘ, ਉਦੈ ਸਿੰਘ, ਸੁੱਖਾ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ, ਜਸਪ੍ਰੀਤ ਸਿੰਘ, ਮਨਵੀਰ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਇਤਿਹਾਸ ਨੂੰ ਖੁਰਦ ਬੁਰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਫਿਰਕੂ ਏਜੰਡੇ ਤਹਿਤ ਇਤਿਹਾਸ ਨੂੰ ਦੁਬਾਰਾ ਲਸਖਣ ਦੀਆਂ ਗੱਲਾਂ ਕਰ ਰਹੀ ਹੈ।
ਜਿਸ ਤਹਿਤ ਜਲਿਆਂਵਾਲਾ ਬਾਗ ਨੂੰ ਨਵੀਨੀਕਰਨ ਦੇ ਨਾਮ ਹੇਠ ਤੋੜਿਆ-ਮਰੋੜਿਆ ਗਿਆ ਹੈ। ਇੱਕੋ ਇੱਕ ਐਂਟਰੀ ਗੇਟ ਵਾਲੀ ਪੀੜ੍ਹੀ ਗਲੀ ਉਪਰ ਇਸ ਤਰ੍ਹਾਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਗਈਆਂ ਹਨ, ਜਿਵੇਂ 13 ਅਪ੍ਰੈਲ 1919 ਨੂੰ ਲੋਕ ਰੋਲਟ ਐਕਟ ਦਾ ਵਿਰੋਧ ਕਰਨ ਦੀ ਬਜਾਏ ਮੇਲਾ ਦੇਖਣ ਆਏ ਹੋਣ।
ਸ਼ਹੀਦ ਊਧਮ ਸਿੰਘ ਦਾ ਲਗਾਇਆ ਗਿਆ ਬੁੱਤ ਵੀ ਸਵਾਲਾਂ ਦੇ ਘੇਰੇ ਵਿੱਚ ਹੈ, ਕਿਉਂਕਿ ਇਤਿਹਾਸਕਾਰਾਂ ਵੱਲੋਂ ਘੋਖ ਕਰਕੇ ਦੱਸਿਆ ਗਿਆ ਹੈ ਕਿ ਉਹ ਬੁੱਤ ਊਧਮ ਸਿੰਘ ਦਾ ਹੈ ਹੀ ਨਹੀਂ। ਸ਼ਹੀਦੀ ਖੂਹ ਨੂੰ ਢੱਕ ਦਿੱਤਾ ਗਿਆ ਹੈ।
ਜ਼ਾਲਮ ਡਾਇਰ ਵੱਲੋਂ ਜਿਥੇ ਖੜ ਕੇ ਗੋਲੀਆ ਦੇ ਆਰਡਰ ਦਿੱਤੇ ਗਏ, ਉਸਨੂੰ ਪੱਧਰਾ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਨਵੀਨੀਕਰਨ ਦੇ ਨਾਮ ਹੇਠ ਸਾਮਰਾਜ ਵਿਰੋਧੀ ਘੋਲ ਦੇ ਇਤਿਹਾਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਆਪਣੇ ਫਿਰਕੂ ਏਜੰਡੇ ਨੂੰ ਅੱਗੇ ਵਧਾਉਂਦਿਆਂ ਬੀਜੇਪੀ ਵੱਲੋਂ ਆਪਣੇ ਚੋਣ ਨਿਸ਼ਾਨ ਕਮਲ ਦੇ ਫੁੱਲ ਬਾਗ ਵਿੱਚ ਲਗਾਏ ਗਏ ਹਨ।
ਜਲਿਆਂਵਾਲਾ ਬਾਗ ਵਿਖੇ ਸ਼ਹੀਦ ਹੋਏ ਮੁਸਲਿਮ ਸ਼ਹੀਦਾਂ ਦੇ ਨਾਵਾਂ ਦੀ ਲਿਸਟ ਮਿਟਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਇਤਿਹਾਸ ਨੂੰ ਬਚਾਉਣ ਲਈ ਲੱਗ ਰਹੇ ਪੱਕੇ ਮੋਰਚੇ ਵਿੱਚ ਸਾਰੇ ਵਰਗਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।