ਅੰਦਰਲੀ ਗੱਲ: ਸੀਐਮ ਬਦਲਿਆ, ਹੁਣ ਡਾਂਗਾਂ ਤੋਂ ਤਾਂ ਬਚਾਂਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਜੱਗੀ ਮਿਹਨਤ ਮਜ਼ਦੂਰੀ ਕਰਕੇ ਪੜ੍ਹਦਾ ਰਿਹਾ ।ਇਹੋ ਸੋਚ ਕੇ ਕਿ ਜਿਸ ਦਿਨ ਨੌਕਰੀ ਮਿਲ ਗਈ ਤਾਂ ਸਾਰਾ ਕੁੱਝ ਭੁੱਲ ਜਾਊਗਾ ।ਪਹਿਲਾਂ ਸਵੇਰੇ ਸਾਜਰੇ ਉੱਠਣਾ, ਮਾਂ ਪਿਉ ਨਾਲ ਡੰਗਰਾਂ ਨੂੰ ਪੱਠੇ ਪਾਉਣੇ , ਗੋਹਾ ਕੂੜਾ ਸੁੱਟਣਾ ।ਫਿਰ ਲਵੇਰੀਆਂ ਦਾ ਦੁੱਧ ਚੋਅ ਕੇ ਸਕੂਲ ਜਾਂਦੇ ਸਮੇ ਸਾਈਕਲ ਤੇ ਨਾਲ ਲੈ ਕੇ ਜਾਣਾ। ਉਹ ਵੀ ਸ਼ਹਿਰ ਜਾ ਕੇ ਲੋਕਾਂ ਦੇ ਘਰਾਂ ਵਿੱਚ ਥੋੜ੍ਹਾ ਥੋੜ੍ਹਾ ਦੇਣਾ ।ਉਸ ਤੋਂ ਬਾਹਦ ਆਪਣੀ ਪੜ੍ਹਾਈ ਕਰਨੀ ਤੇ ਵਾਪਿਸ ਆਉਦਿਆਂ ਦੁੱਧ ਵਾਲੀਆਂ ਡੱਰਮੀਆਂ ਇਕੱਠੀਆਂ ਕਰ ਕੇ ਘਰ ਨੂੰ ਆਉਣਾ। ਰੋਟੀ ਦੇ ਦੋ ਟੁੱਕ ਖਾ ਕੇ ਫਿਰ ਡੰਗਰਾਂ ਨੂੰ ਛੱਡ ਕੇ ਬਾਹਰ ਚੁਰਾਉਣ ਲਈ ਚਲੇ ਜਾਣਾ । ਤਾਰਿਆਂ ਦੀ ਛਾਵੇਂ ਬਾਹਰੋਂ ਡੰਗਰ ਲੈ ਕੇ ਆਉਣੇ।

ਫਿਰ ਉਹਨਾਂ ਦੀਆਂ ਧਾਰਾਂ ਕੱਢਣੀਆਂ ।ਇਸੇ ਤਰਾਂ ਉਹ ਹਰ ਰੋਜ਼ ਕੰਮ ਕਰਦਾ ਸੀ ।ਅੱਧੀ ਅੱਧੀ ਰਾਤ ਤੱਕ ਦੀਵੇ ਦੇ ਚਾਨਣੇ ਉਸ ਨੇ ਪੜ੍ਹਦੇ ਰਹਿਣਾ ।ਅਖੀਰ ਉਸ ਨੇ ਬੀ ਏ ਬੀ ਐੱਡ ਕਰ ਲਈ ।ਫਿਰ ਸਰਕਾਰ ਨੇ ਜੋ ਟੈਟ ਟੈਸਟ ਰਖਿਆ ਸੀ ਉਹ ਵੀ ਪਾਸ ਕਰ ਲਿਆ ।ਹਰ ਜਮਾਤ ਵਿੱਚੋ ਉਹ ਅੱਸੀ ਪ੍ਰਤੀਸ਼ਤ ਤੋਂ ਵੱਧ ਨੰਬਰ ਲੈ ਕੇ ਪਾਸ ਹੁੰਦਾ ਰਿਹਾ । ਐਸ ਸੀ ਹੋਣ ਦੇ ਨਾਲ ਨਾਲ ਬਾਰਡਰ ਏਰੀਏ ਦੇ ਸਰਟੀਫਿਕੇਟ ਵੀ ਬਣਵਾਏ ਹੋਏ ਸਨ ।ਪਰ ਕਿਸੇ ਪਾਸਿਓ ਨੌਕਰੀ ਦਾ ਹੱਥ ਹੀ ਨਾ ਅੜ੍ਹਿਆ । ਪ੍ਰਾਈਵੇਟ ਸਕੂਲਾਂ ਵਾਲੇ ਕੰਮ ਜਿਆਦਾ ਤੇ ਤਨਖਾਹ ਬਹੁਤ ਘੱਟ ਦਿੰਦੇ ਸਨ ।ਆਮ ਮਜ਼ਦੂਰ ਨਾਲੋਂ ਵੀ ਘੱਟ ਪੈਸੇ ਹੋਣ ਕਰਕੇ ਉਹ ਮੌਕਾ ਮਿਲਦਿਆਂ ਹੀ ਇੱਧਰ ਉਧਰ ਦਿਹਾੜੀ ਦਪਾ ਕਰਨ ਚਲਾ ਜਾਂਦਾ।

ਕਈ ਵਾਰੀ ਜਿਹਨਾਂ ਕੋਲ ਕੰਮ ਤੇ ਜਾਂਦਾ ਉਹ ਮਖੌਲ ਵੀ ਕਰਨ ਲਗ ਜਾਂਦੇ ।ਕਹਿਣਾ ਉਹੇ ਜੱਗੀ ਇੱਥੇ ਕੰਮ ਕਰਨਾ ਪੈਣਾ ਏ ।ਪੜ੍ਹਾਈ ਆਪਣੀ ਘਰ ਹੀ ਛੱਡ ਕੇ ਆਇਆ ਕਰ । ਹੁਣ ਈ ਮੌਕਾ ਏ ਤੇਰੇ ਤੋਂ ਕੰਮ ਕਰਾਉਣ ਦਾ, ਜਦੋ ਤੂੰ ਨੌਕਰੀ ਲਗ ਗਿਆ ਫਿਰ ਤੂੰ ਕਿਹੜੀ ਸਾਡੀ ਗੱਲ ਸੁਣਨੀ ਕਰਨੀ ਏ ਮਾਸਟਰਾਂ । ਜੱਗੀ ਨੂੰ ਗੁੱਸਾ ਤਾਂ ਬਹੁਤ ਆਉਣਾ ਪਰ ਕਰਦਾ ਵੀ ਕੀ ? ਅੰਦਰੋਂ ਅੰਦਰੀ ਗੱਲਾਂ ਸੁਣ ਕੇ ਚੁੱਪ ਹੋ ਜਾਂਦਾ।ਆਖਰ ਇੱਕ ਦਿਨ ਬੇਰੁਜ਼ਗਾਰ ਅਧਿਆਪਕਾਂ ਨਾਲ ਰੈਲੀ ਤੇ ਚਲਾ ਗਿਆ । ਗੁੱਸੇ ਨਾਲ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ।

ਪੁਲਿਸ ਵੀ ਉਤਾਰਨ ਲਈ ਡਰਾਮੇਬਾਜ਼ੀ ਕਰਦੀ ਰਹੀ ।ਹੁਣ ਥੱਲਿਓਂ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਉਏ ਜੱਗੀ ਥੱਲੇ ਉਤਰ ਕੇ ਆ ਜਾ।ਸਰਕਾਰਾਂ ਬਦਲ ਗਈਆਂ ਨੇ ।ਲਗਦਾ ਏ ਆਪਾਂ ਨੂੰ ਹੁਣ ਨੌਕਰੀ ਮਿਲ ਜਾਊਗੀ । ਨਵਾਂ ਮੁੱਖ ਮੰਤਰੀ ਪੱਕੇ ਵਾਅਦੇ ਕਰੀ ਜਾ ਰਿਹਾ ਏ । ਗੱਲ ਪੱਕੀ ਏ, ਕਿ ਹੁਣਆਪਾਂ ਨੂੰ ਨੌਕਰੀ ਪੱਕੀ ਮਿਲ ਜਾਉ ?ਹੁਣ ਤਾਂ ਮੈ ਉੱਪਰ ਚੜਿਆ ਹੀ ਬੈਠਾ ਹਾਂ ।ਫਿਰ ਕਿਧਰੇ ਨਾ ਚੜ੍ਹਨਾ ਪੈ ਜਾਵੇ ਨਾਲੇ।

ਵਾਰ ਵਾਰ ਮੈਥੋਂ ਨਾ ਤਾਂ ਡਾਂਗਾਂ ਖਾਦੀਆਂ ਜਾਣੀਆਂ ਈ ਤੇ ਨਾ ਫਿਰ ਟੈਂਕੀਆਂ ਤੇ ਚੜੇ ਜਾਣਾ ਈ । ਯਕੀਨ ਨਹੀਂ ਆਉਦਾ ਜਿੰਨਾ ਚਿਰ ਜੋਇਨਨਿੰਗ ਲੈਟਰ ਹੱਥ ਵਿੱਚ ਨਹੀਂ ਮਿਲ ਜਾਂਦਾ । ਵੇਖ ਜੱਗੀ ਯਕੀਨ ਤਾਂ ਇਕ ਵਾਰ ਕਰਨਾ ਹੀ ਪਊ ਕਿਉਂਕਿ ਜਨਾਬ ਨਵਾਂ ਨਵਾਂ ਮੁਖ ਮੰਤਰੀ ਬਣਿਆ ਏ। ਜੋ ਵਾਅਦੇ ਚੋਣਾਂ ਵੇਲੇ ਇਹਨਾਂ ਕੀਤੇ ਸੀ ਇਹਨਾਂ ਨੇ । ਸਾਇਦ ਹੁਣ ਉਹ ਹਕੀਕਤ ਵਿੱਚ ਬਦਲ ਹੀ ਜਾਣ। ਪਰ ਮੇਰੀ ਨਵੀ ਸਰਕਾਰ ਅਗੇ ਇਹੋ ਅਰਜੋਈ ਏ ਕਿ ਹੁਣ ਸਾਥੋਂ ਡਾਂਗਾਂ ਨਹੀਂ ਖਾਹਦੀਆਂ ਜਾਣੀਆਂ । ਸਰਕਾਰ ਜੀ ਨੌਕਰੀਆਂ ਵੰਡੋ ਡਾਂਗਾਂ ਨਹੀਂ।