ਕੈਪਟਨ ਬਚਿਆ, ਚੰਨੀ ਫਸਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਕਰੀਬ ਚਾਰ ਸਾਲ ਤੋਂ ਕਾਂਗਰਸ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਬੀਐਡ ਟੈਟ ਪਾਸ ਅਧਿਆਪਕਾਂ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਮੋਰਚਾ ਖੋਲ ਦਿੱਤਾ ਹੈ।

ਬੇਰੁਜ਼ਗਾਰ ਟੈਟ ਪਾਸ ਬੀਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਪੱਕਾ ਨੇ ਕਿਹਾ ਕਿ ਘਰ ਘਰ ਰੁਜ਼ਗਾਰ ਦਾ ਵਾਅਦਾ ਕਰਕੇ ਮੁੱਕਰੀ ਕਾਂਗਰਸ ਸਰਕਾਰ ਦੇ ਪਿਛਲੇ ਮੁੱਖ ਮੰਤਰੀ ਨੇ ਇਕ ਵਾਰ ਵੀ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ, ਸਗੋਂ ਮੋਤੀ ਮਹਿਲ ਅੱਗੇ ਅਨੇਕਾਂ ਵਾਰ ਭਿਆਨਕ ਲਾਠੀਚਾਰਜ ਕਰਕੇ ਪਰਚੇ ਦਰਜ ਕੀਤੇ ਹਨ।

ਉੱਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਨੇ ਭਰਤੀ ਕਰਨ ਦੀ ਬਜਾਏ ਭੱਦੀ ਸ਼ਬਦਾਵਲੀ ਵਰਤੀ ਹੈ। ਉਹਨਾਂ ਦੱਸਿਆ ਕਿ 31 ਦਸੰਬਰ ਤੋ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਪੱਕਾ ਮੋਰਚਾ ਜਾਰੀ ਹੈ ਅਤੇ ਦੂਜੇ ਪਾਸੇ ਸੰਗਰੂਰ ਵਿਖੇ ਹੀ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਮੁਨੀਸ਼ ਕੁਮਾਰ ਨਾਮ ਦਾ ਬੇਰੁਜ਼ਗਾਰ ਚੜ ਕੇ ਬੈਠਾ ਹੋਇਆ ਹੈ।

ਆਪਣੀਆਂ ਮੰਗਾਂ ਨੂੰ ਲੈਕੇ 24 ਸਤੰਬਰ ਨੂੰ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਸ ਮੌਕੇ ਯੂਨੀਅਨ ਆਗੂਆਂ ਗੁਰਮੁੱਖ ਨਸੀਬਪੁਰਾ, ਹਰਕੀਰਤ ਭਾਗੀਵਾਂਦਰ, ਹਰਵਿੰਦਰ ਬਠਿੰਡਾ, ਰਾਜਵੀਰ ਮੌੜ, ਨਪਿੰਦਰ ਕੌਰ, ਰਾਜਕਿਰਨ, ਗੁਰਦੀਪ ਕੌਰ, ਅਮਨਦੀਪ ਕੌਰ,ਰੇਨੂ ਸ਼ਰਮਾ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਬਦਲਣ ਨਾਲ ਕਾਂਗਰਸ ਸੁਰਖ਼ਰੂ ਨਹੀਂ ਹੋ ਸਕੇਗੀ।

ਬੇਰੁਜ਼ਗਾਰਾਂ ਦੀ ਲੜਾਈ ਕਾਂਗਰਸ ਖਿਲਾਫ਼ ਰੁਜ਼ਗਾਰ ਦੇ ਵਾਅਦੇ ਪੂਰੇ ਕਰਵਾਉਣ ਤੱਕ ਜਾਰੀ ਰਹੇਗੀ।