ਭਾਜਪਾ ਨੂੰ ਕਿਸਾਨਾਂ ਨਾਲ ਪੰਗਾ ਪੁੱਠਾ ਪਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਵਿਰੁੱਧ ਭਾਜਪਾਈ ਲੀਡਰਾਂ ਦੀ ਜੋ ਬੋਲ ਬਾਣੀ ਹੈ, ਉਹਦਾ ਖ਼ਮਿਆਜ਼ਾ ਭਾਜਪਾਈ ਲੀਡਰ ਭੁਗਤ ਹੀ ਰਹੇ ਹਨ। ਜਦੋਂ ਅਬੋਹਰ ਦੇ ਵਿਧਾਇਕ ਦੀ ਝਾੜਝੰਬ ਮਲੋਟ ਚ ਹੋਈ ਤਾਂ, ਭਾਜਪਾ ਨੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ, ਪਰ ਭਾਜਪਾ ਨੇ ਹਮੇਸ਼ਾ ਹੀ ਆਪਣੀ ਕਰਤੂਤ ਤੇ ਪਰਦਾ ਪਾਈ ਰੱਖਿਆ ਹੈ। ਕਿਸਾਨਾਂ ਦੇ ਖਿਲਾਫ਼ ਕੀਤੀ ਜਾਂਦੀ ਬਿਆਨਬਾਜ਼ੀ ਹੀ ਭਾਜਪਾ ਨੂੰ ਪ੍ਰਚਾਰ ਕਰਨ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੜਨ ਤੋਂ ਰੋਕ ਰਹੀ ਹੈ। 

ਕਿਸਾਨਾਂ ਖਿਲਾਫ਼ ਭਾਜਪਾ ਪੰਜਾਬ ਦੇ ਬੁਲਾਰੇ ਹਰਿੰਦਰ ਕਾਹਲੋਂ ਨੇ ਵਿਵਾਦਿਤ ਬਿਆਨ ਦਿੱਤਾ ਅਤੇ ਕਿਸਾਨਾਂ ਨੂੰ ਡੰਡਿਆਂ ਦੇ ਨਾਲ ਕੁੱਟ ਕੁੱਟ ਕੇ ਜੇਲ੍ਹਾਂ ਦੇ ਅੰਦਰ ਤਾੜਨ ਦੀ ਗੱਲ ਆਖੀ। ਕਾਹਲੋਂ ਦੀ ਕਿਸਾਨਾਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਅਲੋਚਨਾ ਕੀਤੀ ਗਈ। ਹੁਣ ਕਾਹਲੋਂ ‘ਤੇ ਦੇਰ ਰਾਤ ਕਿਸਾਨਾਂ ਦਾ ਗੁੱਸਾ ਫੁੱਟਿਆ। ਕਿਸਾਨਾਂ ਨੇ ਉਨ੍ਹਾਂ ਦੇ ਘਰ ਦੀਆਂ ਕੰਧਾਂ ‘ਤੇ ਗੋਹਾ ਸੁੱਟਿਆ। ਉਨ੍ਹਾਂ ਦੇ ਘਰ ਦੇ ਅੰਦਰ ਗੋਹੇ ਦੀਆਂ ਬੋਰੀਆਂ ਸੁੱਟੀਆਂ। 

ਉਨ੍ਹਾਂ ਦੇ ਘਰ ਦਾ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤਾ। ਮੌਕੇ ‘ਤੇ ਖੜ੍ਹੀ ਪੁਲਿਸ ਤਮਾਸ਼ਬੀਨ ਬਣੀ ਰਹੀ। ਇਸ ਤੋਂ ਬਾਅਦ ਕਿਸਾਨਾਂ ਨੇ ਕਾਹਲੋਂ ਦਾ ਪੁਤਲਾ ਵੀ ਸਾੜਿਆ। ਹਾਲਾਂਕਿ ਇਸ ਸਮੇਂ ਐਡਵੋਕੇਟ ਕਾਹਲੋਂ ਘਰ ‘ਤੇ ਨਹੀਂ ਸਨ। ਇਸ ਤੋਂ ਪਹਿਲਾਂ ਕਿਸਾਨਾਂ ਨੇ ਉਨ੍ਹਾਂ ਦੇ ਘਰ ਦਾ ਘਿਰਾਉ ਵੀ ਕੀਤਾ ਸੀ। ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਦੀ ਅਗਵਾਈ ਸਰਕਾਰ ਨੇ ਖੇਤੀ ਦੇ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਬੇਘਰ ਕਰ ਦਿੱਤਾ ਹੈ। 

ਦੂਜੇ ਪਾਸੇ ਭਾਜਪਾ ਨੇਤਾ ਵਿਵਾਦਤ ਟਿੱਪਣੀਆਂ ਕਰ ਰਹੇ ਹਨ। ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਕਾਹਲੋਂ ਨੇ ਜਲੰਧਰ ਦੀ ਸ਼ੀਤਲਾ ਮਾਤਾ ਮੰਦਰ ਸਥਿਤ ਬੀਜੇਪੀ ਦਫਤਰ ਵਿਚ ਇਹ ਵਿਵਾਦਤ ਬਿਆਨ ਦਿੱਤਾ ਸੀ। ਇੱਥੇ ਕਾਹਲੋਂ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਸੀ। ਉਸ ਵਿਚ ਕਾਹਲੋਂ ਨੇ ਕਿਹਾ ਸੀ ਕਿ ਜਦ ਉਹ ਬੀਜੇਪੀ ਵਿਚ ਸ਼ਾਮਲ ਹੋਣ ਵਾਲੇ ਸੀ ਤਾਂ ਉਨ੍ਹਾਂ ਇੱਕ ਵਿਅਕਤੀ ਦਾ ਫੋਨ ਆਇਆ। ਉਸ ਨੇ ਕਿਹਾ ਕਿ ਜੇਕਰ ਭਾਜਪਾ ਵਿਚ ਜਾਵੋਗੇ ਤਾਂ ਗੋਹੇ ਦੀ ਟਰਾਲੀ ਤਿਆਰ ਖੜ੍ਹੀ ਹੈ। ਮੈਂ ਪੁਛਿਆ ਕਿ ਕਿਉਂ ਤਾਂ ਉਹ ਬੋਲੇ ਕਿ ਆਪ ਦੇ ਦਰਵਾਜ਼ੇ ‘ਤੇ ਸੁੱਟਣੀ ਹੈ।

ਕਾਹਲੋਂ ਨੇ ਕਿਹਾ ਕਿ ਮੈਂ ਇਸ ਦਾ ਜਵਾਬ ਦਿੱਤਾ ਕਿ ਜੇਕਰ ਤੁਸੀਂ ਗੋਹਾ ਲੈ ਕੇ ਆਵੋਗੇ ਤਾਂ ਉਸ ਦੇ ਨਾਲ ਇੱਕ ਮੰਜਾ ਅਤੇ ਚਿੱਟੀ ਚਾਦਰ ਵੀ ਲੈ ਆਉਣਾ। ਉਸ ਨੇ ਪੁਛਿਆ ਕਿਉਂ? ਤਾਂ ਮੈਂ ਕਿਹਾ ਕਿ ਜਿਹੜਾ ਗੋਹੇ ਦੀ ਟਰਾਲੀ ਲੈ ਕੇ ਆਵੇਗਾ ਉਹ ਮੰਜੇ ‘ਤੇ ਪੈ ਕੇ ਜਾਵੇਗਾ। ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਚੁਣੌਤੀ ਦੇਣ ਨਾਲ ਪੂਰਾ ਮਾਮਲਾ ਭਖ ਗਿਆ ਸੀ। ਜਿਸ ਤੋਂ ਬਾਅਦ ਭੜਕੇ ਕਿਸਾਨਾਂ ਨੇ ਪਹਿਲਾਂ ਕਾਹਲੋਂ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ ਅਤੇ ਫੇਰ ਘਰ ‘ਤੇ ਗੋਹਾ ਸੁੱਟ ਦਿੱਤਾ। ਕਾਹਲੋਂ ਨੇ ਪਹਿਲਾਂ ਕਿਹਾ ਸੀ ਕਿ ਇਹ ਤਾਂ ਮੋਦੀ ਸਾਹਬ ਹਨ ਜੋ ਕਿਸਾਨਾਂ ਨੂੰ ਪਿਆਰ ਕਰਦੇ ਹਨ। ਬਦਕਿਸਮਤੀ ਨਾਲ ਮੇਰੇ ਜਿਹਾ ਆਦਮੀ ਹੁੰਦਾ ਤਾਂ ਡੰਡੇ ਮਾਰ ਮਾਰ ਕੇ ਕਿਸਾਨਾਂ ਨੂੰ ਜੇਲ੍ਹ ਵਿਚ ਡੱਕ ਦਿੰਦਾ।