ਕੀ ਖੇਤੀ ਕਾਨੂੰਨਾਂ ਦੀ ਨੀਤੀ ਦੇ ਨਿਰਮਾਤਾ ਬਾਦਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ ਤੇ ਲਗਾਤਾਰ ਕਿਸਾਨਾਂ ਦਾ ਧਰਨਾ ਪਿਛਲੇ 10 ਮਹੀਨਿਆਂ ਤੋਂ ਜਾਰੀ ਹੈ। ਬੇਸ਼ੱਕ ਪੰਜਾਬ ਦੇ ਲੋਕਾਂ ਦਾ ਰੋਹ ਵੇਖ ਕੇ ਪਿਛਲੇ ਸਾਲ ਭਾਜਪਾ ਨਾਲੋਂ ਅਕਾਲੀ ਦਲ ਨੇ ਯਾਰੀ ਤੋੜ ਲਈ ਸੀ, ਪਰ ਅੱਜ ਵੀ ਸੂਝਵਾਨ ਲੋਕ ਅਕਾਲੀ ਦਲ ਨੂੰ ਹੀ ਖੇਤੀ ਕਾਨੂੰਨਾਂ ਦੇ ਅਸਲੀ ਨਿਰਮਾਤਾ ਘੋਸ਼ਤ ਕਰ ਰਹੇ ਹਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪਹਿਲੀ ਪ੍ਰੈੱਸ ਕਾਨਫਰੰਸ ਕਰਦਿਆਂ ਕੇਂਦਰ ਸਰਕਾਰ ਅਤੇ ਬਾਦਲਾਂ 'ਤੇ ਤਿੱਖੇ ਸ਼ਬਦੀ ਹਮਲੇ ਬੋਲੇ। ਇਸ ਮੌਕੇ ਪੰਜਾਬ ਕਾਂਗਰਸ ਦੇ ਚਾਰ ਕਾਰਜਕਾਰੀ ਪ੍ਰਧਾਨ ਵੀ ਮੌਜੂਦ ਸਨ। ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੀ ਨੀਂਹ ਬਾਦਲਾਂ ਨੇ ਰੱਖੀ ਸੀ ਅਤੇ ਇਹਨਾਂ ਦੇ ਬਲੂਪ੍ਰਿੰਟ ਤੋਂ ਸੇਧ ਲੈ ਕੇ ਇਹ ਕਾਨੂੰਨ ਬਣਾਏ ਗਏ।

ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਨਿਤੀ ਨਿਰਮਾਤਾ ਬਾਦਲ ਹੀ ਹਨ। ਸਿੱਧੂ ਨੇ ਕਿਹਾ ਕਿ ਕਾਲੇ ਕਾਨੂੰਨਾਂ ਦਾ ਇਹ ਸੁਝਾਅ ਬਾਦਲਾਂ ਦਾ ਹੀ ਸੀ ਅਤੇ ਇਹੀ ਕੇਂਦਰ ਕੋਲ ਪ੍ਰਸਤਾਵ ਲੈ ਕੇ ਗਏ ਸਨ। ਸਿੱਧੂ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ 2013 ਵਿਚ ਪੰਜਾਬ ਵਿਧਾਨ ਸਭਾ ਵਿਚ ਅਜਿਹਾ ਕੰਟਰੈਕਟ ਫਾਰਮਿੰਗ ਕਾਨੂੰਨ ਲੈ ਕੇ ਆਏ ਸਨ।
 
ਉਹਨਾਂ ਕਿਹਾ ਕਿ ਬਾਦਲ ਸਰਕਾਰ ਵਲੋਂ ਜੋ ਐਕਟ ਵਿਧਾਨ ਸਭਾ ਵਿਚ ਲਿਆਂਦਾ ਗਿਆ ਸੀ, ਉਸ ਵਿਚ ਐਮਐਸਪੀ ਦਾ ਜ਼ਿਕਰ ਨਹੀਂ ਸੀ ਤੇ ਕੋਰਟ ਜਾਣ ਦਾ ਅਧਿਕਾਰ ਵੀ ਨਹੀਂ ਸੀ। ਬਾਦਲਾਂ ਦੇ ਇਸ ਐਕਟ ਨੂੰ ਕੇਂਦਰ ਨੇ ਹੂਬਹੂ ਲਾਗੂ ਕਰ ਦਿੱਤਾ। ਉਹਨਾਂ ਆਰੋਪ ਲਗਾਇਆ ਕਿ ਖੇਤੀ ਕਾਨੂੰਨਾਂ ਜ਼ਰੀਏ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।
 
ਉਹਨਾਂ ਕਿਹਾ ਪ੍ਰਕਾਸ਼ ਸਿੰਘ ਬਾਦਲ ਨੇ ਵੀਡੀਓ ਸੰਦੇਸ਼ ਜ਼ਰੀਏ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਖੁੱਲ੍ਹੇਆਮ ਖੇਤੀ ਕਾਨੂੰਨਾਂ ਦੇ ਹੱਕ ਵਿਚ ਬਿਆਨ ਦਿੱਤੇ ਸਨ। ਸਰਬ ਪਾਰਟੀ ਮੀਟਿੰਗ ਵਿਚ ਸੁਖਬੀਰ ਬਾਦਲ ਨੇ ਵੀ ਆਰਡੀਨੈਂਸਾਂ ਦਾ ਸਮਰਥਨ ਕੀਤਾ ਸੀ। ਪਰ ਵਿਰੋਧ ਹੋਣ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਅਤੇ ਭਾਜਪਾ ਨਾਲੋਂ ਗਠਜੋੜ ਤੋੜਿਆ