ਹੈਂ! ਮੁੱਦੇ ਨੂੰ ਲੁਕਾਉਣ ਲਈ ਪੱਤਰ ਵੀ ਜਾਅਲੀ ਬਣ ਜਾਂਦੇ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਲਈ ਜਾ ਰਹੀ ਮਿਡ ਟਰਮ ਦੀ ਪ੍ਰੀਖਿਆ ਸੋਮਵਾਰ ਤੋਂ ਸ਼ੁਰੂ ਹੋਈ ਸੀ ਅਤੇ ਜਿਹੜੇ ਦਿਨ ਪੇਪਰ ਸ਼ੁਰੂ ਹੋਏ ਉਸੇ ਦਿਨ ਹੀ ਪੇਪਰ ਲੀਕ ਹੋਣ ਦੀ ਖਬਰ ਸਾਹਮਣੇ ਆਈ। ਜਿਸ ਮਗਰੋਂ ਵਿਭਾਗ ‘ਚ ਭਾਜੜਾਂ ਪੈ ਗਈਆਂ ਅਤੇ ਨਕਲ ਰੋਕੂ ਕਮੇਟੀ ਦੇ ਆਗੂ ਵੱਲੋਂ ਇਸ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਪੱਤਰ ਦਿੱਤਾ।

ਪੇਪਰ ਲੀਕ ਮਾਮਲੇ ‘ਚ ਇੱਕ ਪੱਤਰ ਬੜੀ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਵਿੱਚ ਕਈ ਪ੍ਰਕਾਰ ਦੇ ਦਾਅਵੇ ਕੀਤੇ ਗਏ ਸਨ। ਪਰ ਪੜਤਾਲ ਦੇ ਦੌਰਾਨ ਉਕਤ ਪੱਤਰ ਜਾਅਲੀ ਨਿਕਲਿਆ। ਦੱਸ ਦਈਏ ਕਿ ਫਰਜ਼ੀ ਵਾਇਰਲ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੋਮਵਾਰ ਨੂੰ ਬਹੁਤ ਸਾਰੇ ਸਕੂਲਾਂ ਵਿੱਚ ਇਮਤਿਹਾਨ ਸ਼ੁਰੂ ਤੋਂ 30 ਮਿੰਟ ਪਹਿਲਾਂ ਈਮੇਲ ਰਾਹੀਂ ਇੱਕ ਨਵਾਂ ਪ੍ਰਸ਼ਨ ਪੱਤਰ ਭੇਜਿਆ ਗਿਆ।

ਪੱਤਰ ਵਿੱਚ ਸਕੂਲਾਂ ਨੂੰ ਪ੍ਰਸ਼ਨ ਪੱਤਰ ਦੀਆਂ ਜ਼ਿਰੋਕਸ ਕਾਪੀਆਂ ਬਣਾਉਣ ਅਤੇ ਵਿਦਿਆਰਥੀਆਂ ਵਿੱਚ ਵੰਡਣ ਦੀ ਸਲਾਹ ਦਿੱਤੀ ਗਈ ਸੀ। ਨਵੇਂ ਪ੍ਰਸ਼ਨ ਪੱਤਰ ਦੀ ਉਡੀਕ ਕਰਨ ਤੋਂ ਬਾਅਦ, ਸਕੂਲ ਅਧਿਕਾਰੀਆਂ ਨੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਪਾਇਆ ਕਿ ਵਿਭਾਗ ਦੁਆਰਾ ਅਜਿਹਾ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਸੀ।

ਦੱਸਣਾ ਬਣਦਾ ਹੈ ਕਿ, ਕੁਝ ਭਰੋਸੇਯੋਗ ਸੂਤਰ ਇਹ ਦਾਅਵਾ ਕਰ ਰਹੇ ਹਨ ਕਿ, ਵਾਇਰਲ ਕੀਤਾ ਗਿਆ ਜਾਅਲੀ ਪੱਤਰ ਵਿਭਾਗ ਦੇ ਹੀ ਕਿਸੇ ਮੁਲਾਜ਼ਮ ਨੇ ਬਣਾਇਆ ਹੈ ਤਾਂ ਜੋ ਮਾਮਲੇ ਨੂੰ ਦੱਬਿਆ ਜਾ ਸਕੇ। ਜੇਕਰ ਵਿਭਾਗ ਦੇ ਮੁਲਾਜ਼ਮ ਨੇ ਉਕਤ ਪੱਤਰ ਨਹੀਂ ਬਣਾਇਆ ਤਾਂ, ਵਿਭਾਗ ਦੇ ਹੁਣ ਤੱਕ ਹੱਥ ਖਾਲੀ ਕਿਉਂ ਹਨ? ਕਿਉਂ ਨਹੀਂ ਸ਼ਰਾਰਤੀ ਅਨਸਰ ਨੂੰ ਫੜਿਆ ਗਿਆ? ਜੇਕਰ ਪ੍ਰਸ਼ਨ ਪੱਤਰ ਲੀਕ ਕਰਨ ਵਾਲੇ ਦਾ ਨਾਂਅ ਪਤਾ ਲੱਗ ਸਕਦੈ ਤਾਂ, ਜਾਅਲੀ ਪੱਤਰ ਬਣਾਉਣ ਵਾਲੇ ਦਾ ਕਿਉਂ ਨਹੀਂ?