ਵਿਸ਼ਵ ਪ੍ਰਸਿੱਧ ਕਿਸਾਨ ਅੰਦੋਲਨ ਨੂੰ ਨੇੜਿਓ ਦੇਖਿਆ! (ਨਿਊਜ਼ਨੰਬਰ ਖ਼ਾਸ ਖ਼ਬਰ)(ਭਾਗ-2)

ਦੇਸ਼ ਭਰ ਦੇ ਲੋਕਾਂ ਨੇ ਉਸ ਰਾਤ ਇਸ ਆਗੂ ਨੂੰ ਹੰਝੂਆਂ ਭਰੀਆਂ ਅੱਖਾਂ ਨਾਲ ਇਹ ਕਹਿੰਦੇ ਸੁਣਿਆ ਕਿ ਮਰ ਜਾਊਂਗਾ, ਪਰ ਆਪਣੇ ਸਾਥੀ ਕਿਸਾਨਾਂ ਨੂੰ ਤਤੀ ਵਾ ਨਹੀਂ ਲੱਗਣ ਦੇਵਾਂਗਾ। ਫਿਰ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਰਾਤੇ ਰਾਤ ਜਿਵੇਂ ਹਾਲਾਤ ਬਦਲ ਦਿੱਤੇ, ਕਿਸਾਨਾਂ ਨੇ ਆਪਣੇ ਆਗੂ ਦੀ ਅਪੀਲ ਸੁਣਦੇ ਸਾਰ ਗਾਜੀਪੁਰ ਵਲ ਵਹੀਰਾਂ ਘਤ ਦਿੱਤੀਆਂ ਅਤੇ ਕਿਸਾਨਾਂ ਦੀ ਗਿਣਤੀ ਅਤੇ ਜੋਸ਼ ਨੂੰ ਭਾਂਪ ਕੇ ਸੁਰੱਖਿਆ ਬਲ ਪਿੱਛੇ ਹਟਦੇ ਗਏ।

ਵਿਕਾਊ ਐਂਕਰ ਵੀ ਹੌਲੀ ਹੌਲੀ ਖਿਸਕ ਗਏ, ਉਹ ਸਾਰਾ ਮੰਜਰ ਕਿਸੇ ਫਿਲਮੀ ਕਹਾਣੀ ਵਾਂਗ ਸਭ ਦੇ ਚੇਤਿਆਂ ਵਿੱਚ ਉਕਰਿਆ ਹੋਇਆ ਹੈ। ਉਦੋਂ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਮੋਰਚੇ ਲਾਇਆਂ ਨੂੰ ਦੋ ਮਹੀਨੇ ਹੋਏ ਸਨ ਅਤੇ ਮੋਦੀ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗਾਂ ਦੇ 11 ਰਾਊਂਡ ਹੋ ਗਏ ਸਨ।

ਹਰ ਮੀਟਿੰਗ ਵਿੱਚ ਦੋਹਾਂ ਧਿਰਾਂ ਦਾ ਉਹੀ ਸਟੈਂਡ ਸੀ, ਸਰਕਾਰ ਦਾ ਕਹਿਣਾ ਸੀ ਕਿ ਤਿੰਨ ਖੇਤੀ ਕਾਨੂੰਨਾਂ ਵਿੱਚ ਸੋਧ ਕਰਵਾ ਲਵੋ ਜਦਕਿ ਕਿਸਾਨਾਂ ਦੀ ਮੰਗ ਸੀ ਕਿ ਸੋਧ ਨਹੀਂ, ਕਾਨੂੰਨ ਵਾਪਸ ਲਓ ਅਤੇ ਘਟ ਤੋਂ ਘਟ ਖਰੀਦ ਕੀਮਤ (ਐਮ ਐਸ ਪੀ) ਦੀ ਕਾਨੂੰਨੀ ਗਰੰਟੀ ਦਿਓ। 26-27 ਜਨਵਰੀ ਤੋਂ ਅਗਸਤ ਮਹੀਨੇ ਦੀਆਂ ਇਹੀ ਤਰੀਕਾਂ ਆਉਣ ਤੱਕ 7 ਮਹੀਨਿਆਂ ਦੇ ਇਸ ਵਕਫ਼ੇ ਦਰਮਿਆਨ ਸਰਕਾਰ ਨੇ ਇਕ ਵਾਰ ਵੀ ‘ਸੰਯੁਕਤ ਕਿਸਾਨ ਮੋਰਚੇ’ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਦੀ ਲੋੜ ਨਹੀਂ ਸਮਝੀ।

ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦੇਸ਼ ਤੇ ਇਕ ਇਹੋ ਜਿਹੀ ਹੰਕਾਰੀ ਜੁੰਡਲੀ ਰਾਜ ਕਰ ਰਹੀ ਹੈ ਜਿਸ ਨੂੰ ਦੇਸ਼ ਦੇ ਸੰਵਿਧਾਨ, ਸੰਸਦ, ਅਦਾਲਤਾਂ, ਨੈਤਿਕ ਕਦਰਾਂ ਕੀਮਤਾਂ ਅਤੇ ਸੰਸਾਰ ਭਰ ਦੀ ਲੋਕ ਰਾਇ ਦੀ ਉਕਾ ਹੀ ਪ੍ਰਵਾਹ ਨਹੀਂ। ਵਿਰੋਧੀ ਧਿਰ ਵਾਲੇ ਇਸਨੂੰ “ਹਮ ਦੋ,ਹਮਾਰੇ ਦੋ” ਦੀ ਸਰਕਾਰ ਦਾ ਵਿਸ਼ੇਸ਼ਣ ਦੇ ਚੁੱਕੇ ਹਨ ਜਿਸ ਵਿਚ ਸ਼ਕ ਦੀ ਕੋਈ ਗੁੰਜਾਇਸ਼ ਨਹੀਂ ਹੈ। (ਬਾਕੀ ਕੱਲ੍ਹ)

ਵਿਸ਼ਵ ਪ੍ਰਸਿੱਧ ਕਿਸਾਨ ਅੰਦੋਲਨ ਨੂੰ ਨੇੜਿਓ ਦੇਖਿਆ! (ਨਿਊਜ਼ਨੰਬਰ ਖ਼ਾਸ ਖ਼ਬਰ) (ਭਾਗ-1)