ਬੇਰੁਜ਼ਗਾਰਾਂ ਨਾਲ ਹਕੂਮਤ ਨੂੰ ਮਹਿੰਗੀ ਪਵੇਗੀ ਦੁਸ਼ਮਣੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਂਗੂੰ ਚੋਣਾਂ ਵੇਲੇ ਜੁਮਲੇ ਛੱਡਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚੋਂ ਬਾਹਰ ਹੁੰਦੇ ਹੋਏ ਵਿਖਾਈ ਦੇ ਰਹੇ ਹਨ, ਕਿਉਂਕਿ ਕੈਪਟਨ ਦੇ ਵੱਲੋਂ ਚੋਣਾਂ ਵੇਲੇ ਜੋ ਵੀ ਵਾਅਦੇ ਪੰਜਾਬ ਦੇ ਲੋਕਾਂ ਬੇਰੁਜ਼ਗਾਰਾਂ, ਮੁਲਾਜ਼ਮਾਂ, ਨੌਜਵਾਨਾਂ ਦੇ ਨਾਲ ਕੀਤੇ ਗਏ ਸਨ, ਉਨ੍ਹਾਂ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ।

ਜਿਸ ਦੇ ਕਾਰਨ ਹਰ ਵਰਗ ਵਿੱਚ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਚੋਣਾਂ ਵੇਲੇ ਘਰ-ਘਰ ਰੁਜ਼ਗਾਰ ਦੇਣ ਦਾ ਕੈਪਟਨ ਅਮਰਿੰਦਰ ਦਾ ਵਾਅਦਾ ਵੀ ਨਰਿੰਦਰ ਮੋਦੀ ਦੀਆਂ ਦੋ ਕਰੋੜ ਪ੍ਰਤੀ ਸਾਲ ਨੌਕਰੀਆਂ ਦੀ ਤਰ੍ਹਾਂ ਜੁਮਲਾ ਹੀ ਸਾਬਿਤ ਹੋਇਆ ਹੈ।

ਦੱਸਣਾ ਬਣਦਾ ਹੈ ਕਿ ਪੰਜਾਬ ਬੇਰੁਜ਼ਗਾਰ ਸਟੈਨੋ ਯੂਨੀਅਨ ਵੱਲੋਂ ਅਧੀਨ ਸੇਵਾਵਾਂ ਬੋਰਡ ਅੱਗੇ ਅੱਜ ਧਰਨਾ 23ਵੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ, ਪਰ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਵੱਲੋਂ ਉਨ੍ਹਾਂ ਤੱਕ ਰਾਬਤਾ ਕਾਇਮ ਨਹੀਂ ਕੀਤਾ ਗਿਆ।

ਮੈਂਬਰਾਂ ਵੱਲੋਂ ਤਕਰੀਬਨ ਸਾਰੇ ਵਿਧਾਇਕਾਂ ਤੇ ਮੰਤਰੀਆਂ ਕੋਲ ਮੰਗ ਪੱਤਰ ਦਿੱਤੇ ਗਏ ਹਨ, ਪਰ ਸ਼ਾਇਦ ਉਨ੍ਹਾਂ ਲਈ ਇਹ ਫਾਲਤੂ ਕਾਗਜ਼ ਹਨ। ਵਿਦਿਆਰਥੀ ਵਰਗ ਵਿੱਚ ਬਹੁਤ ਹੀ ਭਾਰੀ ਨਾਰਾਜ਼ਗੀ ਹੈ ਅਤੇ ਯੂਨੀਅਨ ਮੈਂਬਰਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਅਣਗੌਲਿਆਂ ਕਰਨ ਦਾ ਅੰਜਾਮ ਆਉਣ ਵਾਲੀਆਂ ਚੋਣਾਂ 2022 ‘ਚ ਭੁਗਤਣਾ ਪਵੇਗਾ।

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਕੈਪਟਨ ਸਾਹਿਬ ਦਾ ਮੁੱਖ ਮੁੱਦਾ, ਪੰਜਾਬ ਦੇ ਹਰ ਘਰ ਰੋਜ਼ਗਾਰ ਦਾ ਵਾਅਦਾ ਕੀਤਾ ਸੀ, ਪਰ ਸੱਤਾ ਤੇ ਕਾਬਜ਼ ਹੁੰਦਿਆਂ ਹੀ ਹਰ ਇੱਕ ਵਾਅਦੇ ਨੂੰ ਭੁੱਲ ਗਏ। ਹੁਣ ਅਖੀਰਲੇ ਸਮੇਂ ਵਿੱਚ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਵਿਖਾਈ ਦੇ ਰਹੀ।