ਕੀ ਕਿਸਾਨਾਂ ਨੂੰ ਹੁਣ ਡੰਡੇ ਮਾਰ ਕੇ ਜੇਲ੍ਹਾਂ 'ਚ ਡੱਕੇਗੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਦੇਸ਼ ਭਰ ਦੇ ਕਿਸਾਨ ਦਾ ਵਿਰੋਧ ਕਰ ਰਹੇ ਹਨ। ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਲੈ ਕੇ ਭਾਜਪਾ ਦੇ ਨਵ ਨਿਯੁਕਤ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਨੇ ਵਿਵਾਦਤ ਬਿਆਨ ਦਿੱਤਾ ਹੈ।

ਜਲੰਧਰ ਵਿੱਖੇ ਇਕ ਸਮਾਗਮ ਦੌਰਾਨ ਭਾਜਪਾ ਆਗੂ ਹਰਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਸੁਕਰ ਕਰਨਾ ਚਾਹੀਦਾ ਹੈ ਕਿ ਦਿੱਲੀ ਵਿਚ ਮੋਦੀ ਹੈ, ਜੇਕਰ ਮੈਂ ਹੁੰਦਾ ਤਾਂ ਅੱਜ ਨੂੰ ਡੰਡੇ ਮਾਰ ਮਾਰ ਜੇਲ੍ਹਾਂ ਵਿੱਚ ਡੱਕ ਦਿੱਤਾ ਹੁੰਦਾ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਦਾ ਕਰਨਾ ਇਹ ਹੀ ਪੈਣਾ।

ਜ਼ਿਕਰਯੋਗ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਕਾਹਲੋਂ ਜੂਨ 2021 ਵਿੱਚ ਭਾਜਪਾ 'ਚ ਸ਼ਾਮਲ ਹੋਏ ਸਨ। ਉਸ ਤੋਂ ਬਾਅਦ ਭਾਜਪਾ ਵੱਲੋਂ ਉਨ੍ਹਾਂ ਨੂੰ ਭਾਜਪਾ ਪੰਜਾਬ ਦਾ ਬੁਲਾਰਾ ਲਗਾਇਆ ਸੀ।

ਹੁਣ ਜਲੰਧਰ ਵਿੱਚ ਮੋਦੀ ਸਰਕਾਰ ਦੀਆਂ ਸਿਫਤਾ ਕਰਦੇ ਹੋਏ ਪੰਜਾਬ ਦੇ ਕਿਸਾਂਨਾਂ ਨੂੰ ਕੁੱਟ ਕੁੱਟ ਜੇਲ੍ਹਾਂ ਵਿੱਚ ਬੰਦ ਕਰਨ ਦੀਆਂ ਗੱਲਾਂ ਕਰ ਰਹੇ ਹਨ। ਜਦੋਂ ਕਾਹਲੋਂ ਕਿਸਾਨਾਂ ਨੂੰ ਕੁੱਟ ਕੇ ਜੇਲ੍ਹਾਂ ਵਿੱਚ ਬੰਦ ਕਰਨ ਦੀ ਗੱਲ ਕਰ ਰਹੇ ਸਨ ਤਾਂ ਸਾਹਮਣੇ ਬੈਠੇ ਭਾਜਪਾਈ ਤਾੜੀਆਂ ਮਾਰਕੇ ਉਨ੍ਹਾਂ ਨੂੰ ਹੌਸਲਾ ਦੇ ਰਹੇ ਸਨ ਅਤੇ ਭਾਜਪਾ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।

ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਆਗੂਆਂ ਨੂੰ ਪ੍ਰੋਗਰਾਮ ਨਹੀਂ ਕਰਨ ਦਿੱਤੇ ਜਾ ਰਹੇ।