ਕੀ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨੇਗੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੱਕੇ ਰੁਜ਼ਗਾਰ ਦੇ ਲਈ ਲਗਾਤਾਰ ਪੰਜਾਬ ਦੇ ਕੱਚੇ ਮੁਲਾਜ਼ਮ ਸੰਘਰਸ਼ ਕਰ ਰਹੇ ਹਨ। ਪੰਜਾਬ ਵਿਚ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਜਾਰੀ ਹੈ। ਇਸ ਦੇ ਚਲਦਿਆਂ ਕੱਲ੍ਹ 14 ਸਤੰਬਰ ਦਿਨ ਮੰਗਲਵਾਰ ਨੂੰ ਕੱਚੇ ਕਾਮਿਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੰਡੀਗੜ੍ਹ ਵਿਚ ਬੈਠਕ ਹੈ।

ਉਮੀਦ ਜਤਾਈ ਜਾ ਰਹੀ ਹੈ ਕਿ ਕੱਲ੍ਹ ਦੀ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਹੋ ਸਕਦਾ ਹੈ, ਪਰ ਦੂਜੇ ਪਾਸੇ ਇਸ ਬੈਠਕ ਵਿਚ ਕੋਈ ਹੱਲ ਨਾ ਨਿਕਲਣ ‘ਤੇ ਮੁਲਾਜ਼ਮਾਂ ਨੇ ਹਾਈ-ਵੇ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ।

ਅਜਿਹੇ ਵਿਚ ਜੇਕਰ ਸਰਕਾਰ ਨੇ ਫਿਰ ਦੇਰੀ ਕੀਤੀ ਤਾਂ ਸਰਕਾਰੀ ਬੱਸਾਂ ਬੰਦ ਹੋਣ ਕਾਰਨ ਪਹਿਲਾਂ ਤੋਂ ਪਰੇਸ਼ਾਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ।

ਦੱਸ ਦਈਏ ਕਿ ਬੀਤੇ ਦਿਨ ਸਿਸਵਾਂ ਵਿਖੇ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਅਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਸਿਸਵਾਂ ਫ਼ਾਰਮ ਹਾਊਸ ਦਾ ਘਿਰਾਉ ਕੀਤਾ ਗਿਆ ਅਤੇ ਮੰਗਾਂ ਦੇ ਹੱਲ ਹੋਣ ਤਕ ਪੱਕਾ ਮੋਰਚਾ ਲਗਾਇਆ ਗਿਆ।

ਕਰਮਚਾਰੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿਘ ਗਿੱਲ ਨੇ ਆਖਿਆ ਕਿ ਪਿਛਲੇ 10 ਤੋਂ 15 ਸਾਲ ਤੋਂ ਪਨਬਸ ਅਤੇ PRTC ਟਰਾਂਸਪੋਰਟ ਦੇ ਜਨਤਕ ਅਦਾਰਿਆਂ ਵਿਚ ਨਿਗੂਣੀਆਂ ਤਨਖ਼ਾਹਾਂ ‘ਤੇ ਕਰਮਚਾਰੀ ਕੰਟਰੈਕਟ ਅਤੇ ਆਊਟਸੋਰਸ ਆਧਾਰ ‘ਤੇ ਸੇਵਾ ਨਿਭਾ ਰਹੇ ਹਨ।

ਸਰਕਾਰ ਵਲੋਂ ਇਹਨਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਹਮੇਸ਼ਾ ਲਾਰਾ ਲਗਾਇਆ ਜਾਂਦਾ ਹੈ, ਪਰ ਇਹਨਾਂ ਦੀ ਰੈਗੂਲਰ ਦੀ ਮੰਗ ਕਦੀ ਪੂਰੀ ਨਹੀਂ ਕੀਤੀ ਗਈ।

ਜਥੇਬੰਦੀ ਵਲੋਂ ਹਮੇਸ਼ਾ ਸਰਕਾਰ ਨੂੰ ਅਪਣੀਆਂ ਮੰਗਾਂ ਦੀ ਪੂਰਤੀ ਲਈ ਸਮਾਂ ਦਿਤਾ ਜਾਂਦਾ ਰਿਹਾ ਪਰ ਹੁਣ ਸਰਕਾਰ ਵਲੋਂ ਇਕ ਵਾਰ ਫਿਰ ਤੋਂ ਇਹਨਾਂ ਕੱਚੇ ਮੁਲਾਜ਼ਮਾਂ ਨਾਲ ਮੀਟਿੰਗ ਬੁਲਾ ਕੇ ਧੋਖਾ ਕੀਤਾ ਗਿਆ ਅਤੇ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਅਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰ ਕੇ ਅੱਜ ਸਿਸਵਾਂ ਫ਼ਾਰਮ ਹਾਊਸ ਦਾ ਘਿਰਾਉ ਕਰਨ ਲਈ ਮਜਬੂਰ ਕੀਤਾ ਗਿਆ।