ਖ਼ੁਦਕੁਸ਼ੀਆਂ ਦਾ ਕਿਉਂ ਵੱਧ ਰਿਹੈ ਰੁਝਾਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਖ਼ੁਦਕੁਸ਼ੀ ਦਾ ਮਤਲਬ ਹੈ ਕਿ ਆਪਣੀ ਖ਼ੁਦ ਦੀ ਪ੍ਰੇਸ਼ਾਨੀ ਤੋਂ ਹੀ ਤੰਗ ਆ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਅਤੇ ਮੁਸੀਬਤਾਂ ਮੂਹਰੇ ਗੋਡੇ ਟੇਕ ਜਾਣਾ। ਜਦੋਂ ਕੋਈ ਮੁਸੀਬਤ ਸਾਡੇ ‘ਤੇ ਆਣ ਪੈਂਦੀ ਹੈ ਤਾਂ ਅਸੀਂ ਬਹੁਤੇ ਲੋਕ ਉਨ੍ਹਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਦੇ ਹੋਏ ਖੁਦਕੁਸ਼ੀਆਂ ਦਾ ਰਸਤਾ ਅਪਣਾ ਲੈਂਦੇ ਹਾਂ ਅਤੇ ਦੁਨੀਆ ਨੂੰ ਸਦਾ ਸਦਾ ਲਈ ਅਲਵਿਦਾ ਆਖ ਦਿੰਦੇ ਹਾਂ। ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਖੁਦਕੁਸ਼ੀਆਂ ਕਿਸੇ ਮਸਲੇ ਦਾ ਹੱਲ ਹਨ ਜਾਂ ਨਹੀਂ?

ਜਾਣਕਾਰੀ ਦੇ ਮੁਤਾਬਿਕ ਖ਼ੁਦਕੁਸ਼ੀਆਂ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹਨ, ਕਿਉਂਕਿ ਖ਼ੁਦਕੁਸ਼ੀ ਕਰਨ ਦੇ ਨਾਲ ਸਮੱਸਿਆ ਘਟਦੀ ਨਹੀਂ, ਬਲਕਿ ਵਧਦੀ ਹੈ। ਇੱਕ ਦੇ ਵੱਲ ਵੇਖ ਕੇ ਦੂਜਾ ਖ਼ੁਦਕੁਸ਼ੀ ਕਰਨ ਵੱਲ ਤੁਰ ਪੈਂਦਾ ਹੈ। ਹੁਣ ਤੱਕ ਪੂਰੀ ਦੁਨੀਆ ਦੇ ਵਿੱਚ ਇੱਕ ਨਹੀਂ, ਦੋ ਨਹੀਂ ਬਲਕਿ ਕਰੋੜਾਂ ਲੋਕ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਖੁਦਕੁਸ਼ੀਆਂ ਦੇ ਰਾਹ ਪੈ ਚੁੱਕੇ ਹਨ। ਮਨੁੱਖ ਉੱਪਰ ਪ੍ਰੇਸ਼ਾਨੀਆਂ ਘੱਟ ਨਹੀਂ ਰਹੀਆਂ, ਪਰ ਮਨੁੱਖ ਦੇ ਖ਼ਰਚੇ ਵਧੇ ਹਨ। ਲੜਾਈ ਝਗੜਿਆਂ ਤੋਂ ਇਲਾਵਾ ਰਿਸ਼ਤਿਆਂ ਵਿਚ ਆਈ ਖਟਾਸ ਦੇ ਕਾਰਨ ਬਹੁਤੇ ਲੋਕਾਂ ਦੇ ਵੱਲੋਂ ਖ਼ੁਦਕੁਸ਼ੀਆਂ ਕਰ ਲਈਆਂ ਜਾਂਦੀਆਂ ਹਨ।

ਪਿਛਲੇ ਸਮੇਂ ਵਿੱਚ ਛਪੀਆਂ ਖ਼ਬਰਾਂ ਦੇ ਮੁਤਾਬਿਕ ਜੇਕਰ ਖ਼ੁਦਕੁਸ਼ੀਆਂ ਦੇ ਅੰਕੜਿਆਂ ‘ਤੇ ਨਿਗਾਹ ਮਾਰੀ ਜਾਵੇ ਤਾਂ ਸਾਲ 2019 ਦੇ ਦਸੰਬਰ ਮਹੀਨੇ ਸਾਇੰਸ ਜਨਰਲ ‘ਦਾ ਲੈਂਸੇਟ’ ਦੀ ਇੱਕ ਰਿਪੋਰਟ ਮੁਤਾਬਿਕ ਦੇਸ਼ ਵਿੱਚ 2017 ਤੱਕ 19 ਕਰੋੜ 73 ਲੱਖ ਲੋਕ ਕਿਸੇ ਨਾ ਕਿਸੇ ਮਾਨਸਿਕ ਬਿਮਾਰੀ ਨਾਲ ਪੀੜਤ ਹਨ, ਮਤਲਬ ਕਿ 7 ਵਿੱਚੋਂ 1 ਭਾਰਤੀ ਬਿਮਾਰ ਜ਼ਰੂਰ ਹੈ। ਇਨ੍ਹਾਂ ਵਿੱਚੋਂ 4 ਕਰੋੜ 57 ਲੱਖ ਡਿਪਰੈਸ਼ਨ ਅਤੇ 4 ਕਰੋੜ 49 ਲੱਖ ਬੰਦੇ ਕਿਸੇ ਨਾ ਕਿਸੇ ਚਿੰਤਾ ਦੇ ਸ਼ਿਕਾਰ ਹਨ।

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ ਪੂਰੀ ਦੁਨੀਆ ਵਿੱਚ ਹਰ ਸਾਲ 8 ਲੱਖ ਬੰਦੇ ਮਾਨਸਿਕ ਚੁਨੌਤੀਆਂ ਨਾਲ ਜੂਝਦੇ ਹੋਏ ਖ਼ੁਦਕੁਸ਼ੀ ਕਰ ਲੈਂਦੇ ਹਨ। ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਬੰਦੇ ਅਜਿਹੇ ਵੀ ਹੁੰਦੇ ਹਨ, ਜੋ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਖ਼ੁਦਕੁਸ਼ੀ ਦਾ ਸਭ ਤੋਂ ਵੱਡਾ ਕਾਰਨ ਡਿਪਰੈਸ਼ਨ ਅਤੇ ਚਿੰਤਾ ਹੈ। ਡਬਲਿਊ. ਐੱਚ. ਓ. ਮੁਤਾਬਿਕ ਪੂਰੀ ਦੁਨੀਆ ਵਿੱਚ 26 ਕਰੋੜ ਤੋਂ ਵੱਧ ਲੋਕ ਡਿਪ੍ਰੈਸ਼ਨ ਦੇ ਸ਼ਿਕਾਰ ਹਨ। 15 ਤੋਂ 29 ਸਾਲ ਦੀ ਉਮਰ ਵਾਲੇ ਲੋਕਾਂ ਵਿੱਚ ਖ਼ੁਦਕੁਸ਼ੀ ਦਾ ਦੂਜਾ ਵੱਡਾ ਕਾਰਨ ਡਿਪਰੈਸ਼ਨ ਹੀ ਹੈ ।