ਐਦਾਂ ਭੰਨ੍ਹਾਂਗੇ ਹਾਕਮ ਦੀ ਆੜਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੇ ਹਾਕਮ ਧੜੇ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਸੰਯੁਕਤ ਕਿਸਾਨ ਮੋਰਚੇ ਨੇ ਲਖਨਊ ਵਿੱਚ ਮੀਟਿੰਗ ਦੌਰਾਨ ਕਿਸਾਨ ਅੰਦੋਲਨ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਮਜ਼ਬੂਤੀ ਨਾਲ ਲੋਕਾਂ ਤੱਕ ਪੁੱਜਦਾ ਕਰਨ ਤੇ ਇਸ ਬੰਦ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ। ਉੱਤਰ ਪ੍ਰਦੇਸ਼ ਵਿੱਚ ਬੰਦ ਦੇ ਮੱਦੇਨਜ਼ਰ ਤਾਲਮੇਲ ਬਣਾਉਣ ਲਈ 3 ਮੈਂਬਰੀ ਕਮੇਟੀ ਕਾਇਮ ਕੀਤੀ ਗਈ।

ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ‘ਮਿਸ਼ਨ ਉੱਤਰ ਪ੍ਰਦੇਸ਼’ ਦੀ ਯੋਜਨਾ ਉਲੀਕਣ ਲਈ 85 ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਅਤੇ ਹਰਨਾਮ ਵਰਮਾ, ਡੀਪੀ ਸਿੰਘ ਤੇ ਤੇਜਿੰਦਰ ਸਿੰਘ ਵਿਰਕ ’ਤੇ ਆਧਾਰਿਤ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ 27 ਸਤੰਬਰ ਦੇ ‘ਭਾਰਤ ਬੰਦ’ ਨੂੰ ਸਫ਼ਲ ਬਣਾਉਣ ਲਈ ਭਾਗੀਦਾਰਾਂ ਵੱਲੋਂ ਸਾਰੇ ਯਤਨ ਕੀਤੇ ਜਾਣਗੇ। ਇਸ ਦੀ ਵਿਉਂਤਬੰਦੀ ਕਰਨ ਲਈ ਸਾਰੇ ਕਿਸਾਨ ਤੇ ਹੋਰ ਜਨਤਕ ਸੰਗਠਨਾਂ ਦੀਆਂ ਹਰੇਕ ਜ਼ਿਲ੍ਹਾ ਮੁੱਖ ਦਫਤਰ ਵਿੱਚ 17 ਸਤੰਬਰ ਨੂੰ ਮੀਟਿੰਗਾਂ ਕੀਤੀਆਂ ਜਾਣਗੀਆਂ।

ਆਗੂ ਨੇ ਦੱਸਿਆ ਕਿ ਗੰਨੇ ਦੇ ਭਾਅ ਤੇ ਹੋਰ ਭਖਦੇ ਸਥਾਨਕ ਮੁੱਦਿਆਂ, ਹਰ ਡਿਵੀਜ਼ਨ ਵਿੱਚ ਮਹਾਪੰਚਾਇਤਾਂ ਦੀਆਂ ਤਰੀਕਾਂ ਤੇ ਹੋਰ ਮੁੱਦਿਆਂ ’ਤੇ ਸੰਘਰਸ਼ ਬਾਰੇ ਹੋਰ ਸਾਰੇ ਫੈਸਲੇ 27 ਸਤੰਬਰ ਤੋਂ ਬਾਅਦ ਮੋਰਚੇ ਦੀ ਮੀਟਿੰਗ ਵਿੱਚ ਲਏ ਜਾਣਗੇ।

ਮੋਰਚੇ ਨੇ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਦੇ ਕਿਸਾਨ ਆਗੂਆਂ ਵਿਰੁੱਧ ਵਾਰ-ਵਾਰ ਦਿੱਤੇ ਬਿਆਨਾਂ ਦੀ ਨਿਖੇਧੀ ਕੀਤੀ।

ਗਰੇਵਾਲ, ਕਿਸਾਨਾਂ ਨੂੰ ਗੁੰਡਾ ਕਹਿ ਰਹੇ ਸਨ। ਅਜਿਹਾ ਵਿਵਹਾਰ ਭਾਜਪਾ ਨੇਤਾਵਾਂ ਦੇ ਕਿਸਾਨ ਵਿਰੋਧੀ ਚਰਿੱਤਰ ਨੂੰ ਬੇਨਕਾਬ ਕਰਦਾ ਹੈ। ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਰਾਜਸਥਾਨ ਵਿੱਚ ਮੋਰਚੇ ਦੀ ਸੂਬਾਈ ਕਨਵੈਨਸ਼ਨ ਸ਼ਾਹਜਹਾਂਪੁਰ ਬਾਰਡਰ ’ਤੇ ਹੋਈ। ਇਸ ਦੌਰਾਨ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਮੋਰਚੇ ਦੇ ਸੰਦੇਸ਼ ਨੂੰ ਸਾਰੇ ਪਿੰਡਾਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ।

ਪ੍ਰਹਾਰ ਕਿਸਾਨ ਸੰਗਠਨ ਦੇ 50 ਕਿਸਾਨਾਂ ਦਾ ਸਾਈਕਲ ਮਾਰਚ ਕੱਲ੍ਹ ਮਹਾਰਾਸ਼ਟਰ ਤੋਂ ਸ਼ੁਰੂ ਹੋਇਆ ਅਤੇ ਮੱਧ ਪ੍ਰਦੇਸ਼ ਦੇ ਮੁਲਤਾਪੀ ਪਹੁੰਚਿਆ। ਇਹ 11 ਦਿਨਾਂ ਦਾ ਸਾਈਕਲ ਮਾਰਚ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਹੁੰਦਾ ਹੋਇਆ 19 ਸਤੰਬਰ ਨੂੰ ਗਾਜ਼ੀਪੁਰ ਸਰਹੱਦ ਅਤੇ 20 ਤਰੀਕ ਨੂੰ ਸਿੰਘੂ ਬਾਰਡਰ ਤੱਕ ਪਹੁੰਚੇਗਾ।