ਕੀ ਹੁਣ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਮੰਨੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਅੰਦੋਲਨ ਚੱਲਦੇ ਨੂੰ ਭਾਵੇਂ ਹੀ ਦਸ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅਤੇ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਪਰ ਹੁਣ ਜੋ ਕਿਸਾਨਾਂ ਵੱਲੋਂ ਕਦਮ ਚੁੱਕਿਆ ਗਿਆ ਹੈ, ਉਹਦੇ ਅੱਗੇ ਹੁਣ ਮੋਦੀ ਸਰਕਾਰ ਗੋਡੇ ਟੇਕੇਗੀ।

ਕੱਲ੍ਹ ਹਰਿਆਣਾ ਵਿੱਚ ਕਿਸਾਨਾਂ ਨੇ ਜਿੱਤ ਪ੍ਰਾਪਤ ਕਰਨ ਤੋਂ ਮਗਰੋਂ ਵੱਡਾ ਦਾਅਵਾ ਕਰ ਦਿੱਤਾ ਕਿ ਸਰਕਾਰ ਆਉਣ ਵਾਲੇ ਦੋ ਮਹੀਨਿਆਂ ਦੇ ਅੰਦਰ ਅੰਦਰ ਕਿਸਾਨਾਂ ਮੂਹਰੇ ਹੱਥ ਬੰਨ੍ਹ ਕੇ ਬੈਠੀ ਹੋਵੇਗੀ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਵੇਗੀ। ਕਿਸਾਨਾਂ ਨੇ ਕਿਹਾ ਕਿ ਅਜਿਹੀ ਦਵਾਈ (ਸੰਘਰਸ਼) ਸਰਕਾਰ ਵਾਸਤੇ ਤਿਆਰ ਕਰ ਲਈ ਗਈ ਹੈ, ਜੋ ਸਰਕਾਰ ਨੂੰ ਡੇਗ ਸਕਦੀ ਹੈ।

ਦੱਸਣਾ ਬਣਦਾ ਹੈ ਕਿ, ਵਿਵਾਦਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਚੱਲ ਰਹੇ ਪੱਕੇ ਮੋਰਚੇ ਵਿਚ ਸ਼ਾਮਲ ਅੰਦੋਲਨਕਾਰੀਆਂ ਦੇ ਹੌਸਲੇ ਅੱਜ ਹੋਰ ਵੀ ਬੁਲੰਦ ਦਿਖਾਈ ਦਿੱਤੇ।

ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਸੁਰਜੀਤ ਸਿੰਘ ਸੀਲੋਂ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਮੋਦੀ ਹਕੂਮਤ ਨੂੰ ਹੁਣ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ, ਦੇਰ ਸਵੇਰ ਹੈਂਕੜਬਾਜ਼ ਮੁੱਖ ਮੰਤਰੀ ਖੱਟਰ ਵਾਂਗ ਮੋਦੀ ਹਕੂਮਤ ਨੂੰ ਵੀ ਇਕ ਦਿਨ ਗੋਡਿਆਂ ਭਾਰ ਕਰ ਕੇ ਹੀ ਦਮ ਲਵਾਂਗੇ। ਮੋਦੀ ਹਕੂਮਤ ਵੀ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਸਭ ਫ਼ਸਲਾਂ ਦੇ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਪ੍ਰਵਾਨ ਕਰਨ ਲਈ ਮਜਬੂਰ ਹੋ ਜਾਵੇਗੀ।