ਧਮਕੀ: ਜੇ ਕੋਰੋਨਾ ਵੈਕਸੀਨ ਨਾ ਲਗਵਾਈ ਤਾਂ...(ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਨੇ ਕੱਲ੍ਹ ਧਮਕੀ ਦਿੰਦੇ ਹੋਏ ਸਰਕਾਰੀ ਮੁਲਾਜ਼ਮਾਂ ਨੂੰ ਕਹਿ ਦਿੱਤਾ ਕਿ, ਜੇਕਰ 15 ਸਤੰਬਰ ਤੱਕ ਸਾਰੇ ਮੁਲਾਜ਼ਮਾਂ ਨੇ ਵੈਕਸੀਨ ਨਾ ਲਗਵਾਈ ਤਾਂ, ਉਹ ਦਫ਼ਤਰ ਆਉਣਾ ਬੰਦ ਕਰ ਦੇਣ। ਵਿਭਾਗ ਉਨ੍ਹਾਂ ਨੂੰ ਜ਼ਬਰੀ ਛੁੱਟੀ ਤੇ ਭੇਜ ਦੇਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਿਕ, ਮੈਡੀਕਲ ਆਧਾਰ ਨੂੰ ਛੱਡ ਕੇ ਕਿਸੇ ਵੀ ਹੋਰ ਕਾਰਨ ਕਰਕੇ ਅਜੇ ਤੱਕ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਨਾ ਲੈਣ ਵਾਲੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ 15 ਸਤੰਬਰ ਤੋਂ ਬਾਅਦ ਜਬਰੀ ਛੁੱਟੀ ਉਤੇ ਭੇਜ ਦਿੱਤਾ ਜਾਵੇਗਾ।

ਸਖ਼ਤ ਹੁਕਮਾਂ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਤਾਂ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਜਾ ਸਕੇ ਕਿ ਵੈਕਸੀਨ ਦੀ ਖੁਰਾਕ ਲੈਣ ਵਿਚ ਅਜੇ ਵੀ ਸੰਕੋਚ ਵਰਤ ਰਹੇ ਲੋਕਾਂ ਕਰਕੇ ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਇਸ ਦਾ ਕੋਈ ਕੀਮਤ ਨਾ ਤਾਰਨੀ ਪਵੇ।

ਕੋਵਿਡ ਦੀ ਸਮੀਖਿਆ ਲਈ ਉਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵੈਕਸੀਨ ਦੇ ਅਸਰਦਾਇਕ ਰਹਿਣ ਦਾ ਸਬੂਤ ਅਧਿਐਨ ਕੀਤੇ ਜਾ ਰਹੇ ਡਾਟਾ ਤੋਂ ਮਿਲ ਜਾਂਦਾ ਹੈ।

ਸਰਕਾਰੀ ਮੁਲਾਜ਼ਮਾਂ ਤੱਕ ਪਹੁੰਚ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਜਿਹੜੇ ਮੁਲਾਜ਼ਮ ਖੁਰਾਕ ਲੈਣ ਤੋਂ ਬਚ ਰਹੇ ਹਨ, ਉਨ੍ਹਾਂ ਨੂੰ ਉਸ ਵੇਲੇ ਤੱਕ ਛੁੱਟੀ ਉਤੇ ਰਹਿਣ ਲਈ ਕਿਹਾ ਜਾਵੇਗਾ, ਜਦੋਂ ਤੱਕ ਉਹ ਪਹਿਲੀ ਖੁਰਾਕ ਨਹੀਂ ਲੈ ਲੈਂਦੇ।

ਉਨ੍ਹਾਂ ਕਿਹਾ ਨੇ ਚਾਰ ਮਹੀਨੇ ਪਹਿਲਾਂ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਲੈ ਚੁੱਕੇ ਟੀਚਿੰਗ ਅਤੇ ਨਾਨ-ਟੀਚਿੰਗ ਸਕੂਲ ਸਟਾਫ ਨੂੰ ਡਿਊਟੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਪਰ ਇਸ ਲਈ ਹਰੇਕ ਹਫ਼ਤੇ ਆਰ.ਟੀ.ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਜਮ੍ਹਾਂ ਕਰਵਾਉਣੀ ਹੋਵੇਗੀ। ਹਾਲਾਂਕਿ, ਸਹਿ-ਬਿਮਾਰੀਆਂ ਵਾਲੇ ਸਟਾਫ ਨੂੰ ਪੂਰੀਆਂ ਖੁਰਾਕਾਂ ਲੈਣ ਉਤੇ ਹੀ ਇਜਾਜ਼ਤ ਦਿੱਤੀ ਜਾਵੇਗੀ।