ਹਾਰ ਗਿਆ ਹੁਕਮਰਾਨ, ਜਿੱਤ ਗਏ ਕਿਸਾਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦਾ ਮੋਰਚਾ ਜਿੱਥੇ ਇੱਕ ਪਾਸੇ ਜਾਰੀ ਹੈ, ਉਥੇ ਹੀ ਦੂਜੇ ਪਾਸੇ ਕਿਸਾਨਾਂ ਵਲੋਂ ਲਗਾਤਾਰ ਸਿਆਸੀ ਪਾਰਟੀਆਂ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ।

ਪਿਛਲੇ ਦਿਨੀਂ ਭਾਜਪਾ ਦੇ ਸੀਨੀਅਰ ਲੀਡਰ ਅਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਖੱਟਰ ਦੀ ਸੁਰੱਖਿਆ ਵਿੱਚ ਆਏ, ਪੁਲਿਸ ਕਰਮਚਾਰੀਆਂ ਨੇ ਬੇਤਹਾਸ਼ਾ ਕਿਸਾਨਾਂ ਤੇ ਲਾਠੀਚਾਰਜ ਕੀਤਾ ਸੀ।

ਇਸ ਲਾਠੀਚਾਰਜ ਵਿੱਚ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਸੀ। ਕਿਸਾਨਾਂ ਵੱਲੋਂ ਇਨਸਾਫ਼ ਲੈਣ ਖ਼ਾਤਰ ਪਿਛਲੇ 5 ਦਿਨਾਂ ਤੋਂ ਕਰਨਾਲ ਵਿਖੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।

ਪਰ ਅੱਜ ਹਰਿਆਣੇ ਵਿਚਲੀ ਭਾਜਪਾ ਸਰਕਾਰ ਨੇ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਹੋਇਆ ਸਾਰੀਆਂ ਮੰਗਾਂ ਮੰਨ ਲਈਆਂ। ਕਿਸਾਨਾਂ ਅਤੇ ਕਰਨਾਲ ਪ੍ਰਸਾਸ਼ਨ ਵਿਚਾਲੇ ਲੰਘੀ ਰਾਤ ਮੀਟਿੰਗ ਹੋਈ, ਜੋ ਕਿ ਸਕਾਰਾਤਮਿਕ ਰਹੀ ਅਤੇ ਉਮੀਦ ਜਤਾਈ ਜਾ ਰਹੀ ਸੀ ਕਿ, ਕਿਸਾਨਾਂ ਨੇ ਪਹਿਲੀ ਜਿੱਤ ਦਰਜ ਕਰ ਲਈ ਹੈ।

ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਗਈ ਪ੍ਰੈਸ ਕਾਨਫ਼ਰੰਸ ਵਿੱਚ ਖ਼ੁਲਾਸਾ ਕਰ ਦਿੱਤਾ ਕਿ, ਭਾਜਪਾ ਸਰਕਾਰ ਕਿਸਾਨਾਂ ਦੇ ਰੋਹ ਅੱਗੇ ਝੁਕਦੇ ਹੋਏ ਮੰਗਾਂ ਮੰਨਣ ਲਈ ਤਿਆਰ ਹੋ ਗਈ ਹੈ।

ਦੱਸਣਾ ਬਣਦਾ ਹੈ ਕਿ, ਕਰਨਾਲ ਲਾਠੀਚਾਰਜ ਦੇ ਵਿਰੋਧ ‘ਚ ਕਿਸਾਨਾਂ ਦਾ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਜਾਰੀ ਹੈ। ਬੀਤੇ ਦਿਨ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਵਿਚਾਲੇ 4 ਘੰਟੇ ਦੀ ਗੱਲਬਾਤ ਹੋਈ, ਜੋ ਕਿ ਸਕਾਰਾਤਮਕ ਰਹੀ। ਪਿਛਲੇ ਕਈ ਦਿਨਾਂ ਤੋਂ ਚਲ ਰਹੇ ਮੋਰਚੇ ਦੀ ਹੁਣ ਪ੍ਰਸ਼ਾਸਨ ਨਾਲ ਸਹਿਮਤੀ ਬਣ ਗਈ ਹੈ।

ਇਸ ਦੀ ਜਾਣਕਾਰੀ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਐਸਡੀਐਮ ਅਯੂਸ ਸਿਨਹਾ ਦੇ ਮਾਮਲੇ ਨੂੰ ਲੈ ਕੇ ਸਾਬਕਾ ਜੱਜ ਵੱਲੋਂ ਜਾਂਚ ਕੀਤੀ ਜਾਵੇਗੀ, ਐਸਡੀਐਮ ਨੂੰ ਇਕ ਮਹੀਨੇ ਦੀ ਛੁੱਟੀ ‘ਤੇ ਭੇਜ ਦਿੱਤਾ ਜਾਵੇਗਾ।

ਮ੍ਰਿਤਕ ਕਿਸਾਨ ਪਰਿਵਾਰ ਦੇ ਦੋ ਮੈਂਬਰਾਂ ਨੂੰ ਡੀਸੀ ਰੇਟ ਉਤੇ ਸਰਕਾਰੀ ਦਫ਼ਤਰ ਵਿੱਚ ਨੌਕਰੀ ਦਿੱਤੀ ਜਾਵੇਗੀ। ਇਹ ਨੌਕਰੀ ਇਕ ਹਫਤੇ ਦੇ ਅੰਦਰ-ਅੰਦਰ ਦਿੱਤੀ ਜਾਵੇਗੀ। ਕਿਸਾਨਾਂ ਨੇ ਆਖ਼ਰ ‘ਤੇ ਐਲਾਨ ਕੀਤਾ ਕਿ, ਜੇਕਰ ਪ੍ਰਸਾਸ਼ਨ ਜਾਂ ਫਿਰ ਸਰਕਾਰ ਨੇ ਕੋਈ ਸ਼ੈਤਾਨੀ ਕਰਨ ਦੀ ਕੋਸਿਸ਼ ਕੀਤੀ ਤਾਂ, ਸਰਕਾਰ ਆਪਣਾ ਬਿਸਤਰਾ ਗੋਲ ਸਮਝੇ।