ਪੁੱਟੀਆਂ ਜਾਣਗੀਆਂ ਸਰਕਾਰ ਦੀਆਂ ਜੜ੍ਹਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦਾ ਰੋਹ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨਾਂ ਤੇ ਬੇਸ਼ੱਕ ਸਰਕਾਰ ਦੁਆਰਾ ਹਮਲੇ ਕਰਵਾ ਕੇ ਮੋਰਚੇ ਨੂੰ ਢਾਹ ਲਗਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ, ਪਰ ਸਰਕਾਰ ਆਪਣੀਆਂ ਫਿਰਕੂ ਚਾਲਾਂ ਦੇ ਵਿੱਚ ਸਫ਼ਲ ਨਹੀਂ ਹੋ ਰਹੀ ਹੈ। ਕਿਸਾਨਾਂ ਦਾ ਜਥੇ ਲਗਾਤਾਰ ਦਿੱਲੀ ਵੱਲ ਨੂੰ ਵੱਧ ਰਹੇ ਹਨ ਅਤੇ ਅਹਿਮ ਗੱਲ ਇਹ ਹੈ ਕਿ ਪੂਰੇ ਮੁਲਕ ਵਿੱਚ ਕੇਂਦਰ ਸਰਕਾਰ ਦੇ ਖਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨ ਤੇਜ਼ ਹੋ ਰਹੇ ਹਨ, ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਸਰਕਾਰ ਦੀਆਂ ਜੜ੍ਹਾਂ ਛੇਤੀ ਪੁੱਟੀਆਂ ਜਾਣਗੀਆਂ। 

ਦੱਸਣਾ ਬਣਦਾ ਹੈ ਕਿ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਜਥੇਬੰਦੀ ਅਤੇ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਪਿੰਡਾਂ ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਜਥੇਬੰਦੀ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਪਿੰਡ ਇਕਾਈਆਂ ਦੀ ਮਮਦੋਟ ਇਲਾਕੇ ਵਿੱਚ ਚੋਣ ਕੀਤੀ ਜਾ ਰਹੀ ਹੈ। ਜਿਸ ਦੀ ਅਗਵਾਈ ਗੁਰਮੀਤ ਸਿੰਘ ਪੋਜੋ ਕੇ ਜ਼ਿਲ੍ਹਾ ਪ੍ਰਧਾਨ ਕਰ ਰਹੇ ਹਨ।

ਇਸੇ ਦੌਰਾਨ ਹੀ ਪਿੰਡ ਕਿਲੀ ਬਹਾਲ ਸਿੰਘ ਵਾਲਾ, ਟਿੱਬੀ ਖੁਰਦ, ਤੇ ਕਾਲਾ ਟਿੱਬਾ ਪਿੰਡ ਇਕਾਈਆਂ ਦੀ ਚੋਣ ਕੀਤੀ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲ੍ਹਾ ਆਗੂ ਗੋਰਾ ਬਾਰੇ ਕੇ ਨੇ ਦੱਸਿਆ ਕਿ ਕਿਸਾਨ ਜਥੇਬੰਦੀ ਵੱਲੋਂ ਲਗਾਤਾਰ ਜਥੇਬੰਦੀ ਦਾ ਵਿਸਤਾਰ ਕਰਨ ਲਈ ਪਿੰਡ ਇਕਾਈਆਂ ਦੀ ਚੋਣ ਕੀਤੀ ਜਾ ਰਹੀ ਹੈ ਅਤੇ 12 ਸਤੰਬਰ ਨੂੰ ਦਿੱਲੀ ਮੋਰਚੇ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਵੱਡਾ ਜੱਥਾ ਦਿੱਲੀ ਲਈ ਰਵਾਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਜਦੋਂ ਤਕ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਅਤੇ ਐੱਮਐੱਸਪੀ ਦਾ ਗਾਰੰਟੀ ਐਕਟ ਨਹੀਂ ਬਣ ਜਾਂਦਾ ਉਦੋਂ ਤਕ ਦਿੱਲੀ ਦੀਆਂ ਹੱਦਾਂ ਤੇ ਸੰਘਰਸ਼ ਜਾਰੀ ਰਹੇਗਾ। ਇਸ ਦੇ ਨਾਲ ਹੀ ਕਰਨਾਲ ਵਿੱਚ ਹੋਏ ਲਾਠੀਚਾਰਜ ਦੇ ਨਾਲ ਚੱਲ ਰਹੇ ਮੋਰਚੇ ਨਾਲ ਜਥੇਬੰਦੀ ਨੇ ਸਹਿਮਤੀ ਪ੍ਰਗਟਾਈ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਯੂ ਪੀ ਉੱਤਰਾਖੰਡ ਮਿਸ਼ਨ ਨੂੰ ਪੂਰੇ ਜ਼ੋਰ ਨਾਲ ਲਾਗੂ ਕੀਤਾ ਜਾਵੇਗਾ ਅਤੇ ਭਾਜਪਾ ਸਰਕਾਰ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਇਸ ਤੋਂ ਇਲਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਮੋਗੇ ਵਿਖੇ ਸੁਖਬੀਰ ਬਾਦਲ ਦੀ ਰੈਲੀ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪਾਏ ਗਏ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ।