ਕਿਸਾਨ ਅੰਦੋਲਨ: ਕਰਨਾਲ ਵਿਚਲੇ ਮੋਰਚੇ ਨੇ ਹਿਲਾ'ਤੀ ਭਾਜਪਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਹਰਿਆਣਾ ਦੇ ਮੁੱਖ ਮੰਤਰੀ ਦਾ ਵਿਰੋਧ ਕਰਨ ਤੋਂ ਇਲਾਵਾ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਜਦੋਂ ਪੁਲਿਸ ਨੇ ਤਾਨਾਸ਼ਾਹ ਸਰਕਾਰ ਦੇ ਹੁਕਮਾਂ ਤਹਿਤ ਲਾਠੀਚਾਰਜ ਕਰਿਆ ਤਾਂ ਕਈ ਕਿਸਾਨਾਂ ਦੇ ਸਿਰ ਪਾੜ ਗਏ। ਇਸ ਦੌਰਾਨ ਇੱਕ ਕਿਸਾਨ ਫ਼ਾਨੀ ਸੰਸਾਰ ਨੂੰ ਅਲਵਿਦਾ ਵੀ ਕਹਿ ਗਿਆ। ਕਿਸਾਨਾਂ ਵਿੱਚ ਇਸ ਗੱਲ ਦਾ ਗੁੱਸਾ ਸੀ ਕਿ ਤਾਨਾਸ਼ਾਹ ਸਰਕਾਰ ਦੇ ਕਹਿ ਤੇ ਹੁਕਮ ਦੇਣ ਵਾਲਾ ਅਧਿਕਾਰੀ ਬਰਖ਼ਾਸਤ ਕੀਤਾ ਜਾਵੇ, ਪਰ ਸਰਕਾਰ ਨੇ ਉਹਦੀ ਬਦਲੀ ਕਰ ਦਿੱਤੀ। 

ਜਿਸ ਦੇ ਰੋਹ ਵਜੋਂ ਅਤੇ ਇਨਸਾਫ਼ ਲੈਣ ਖ਼ਾਤਰ ਕਿਸਾਨਾਂ ਦਾ ਚਾਰ ਦਿਨਾਂ ਤੋਂ ਕਰਨਾਲ ਵਿਖੇ ਪੱਕਾ ਮੋਰਚਾ ਜਾਰੀ ਹੈ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਤੇਜ਼ ਹੁੰਦਾ ਵੇਖਦਿਆਂ ਸਰਕਾਰ ਨੇ ਕਰਨਾਲ ਵਿੱਚ ਮੁਕੰਮਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ। ਬੇਸ਼ੱਕ ਇਹ ਸੇਵਾ ਲੰਘੀ ਰਾਤ 12 ਵਜੇ ਬਹਾਲ ਕਰ ਦਿੱਤੀ ਗਈ, ਪਰ ਸਵਾਲ ਇਹ ਹੈ ਕਿ ਸਰਕਾਰ ਨੂੰ ਆਖ਼ਰ ਕਿਸਾਨਾਂ ਕੋਲੋਂ ਐਨਾਂ ਜਿਆਦਾ ਡਰ ਲੱਗ ਕਿਉਂ ਰਿਹਾ ਹੈ? 

ਇੰਟਰਨੈਟ ਬੰਦ ਹੋਣ ਕਾਰਨ ਸਥਾਨਕ ਵਸਨੀਕਾਂ, ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਇੱਥੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹ ਨਾ ਤਾਂ ਕੋਈ ਮੈਸਜ ਭੇਜਣ ਦੇ ਯੋਗ ਸੀ, ਨਾ ਹੀ ਉਨ੍ਹਾਂ ਕੋਈ ਮੈਸਜ ਮਿਲ ਰਿਹਾ ਸੀ ਅਤੇ ਨਾ ਹੀ ਪੈਸੇ ਦਾ ਲੈਣ -ਦੇਣ ਹੋ ਰਿਹਾ ਸੀ।

ਇਸ ਤੋਂ ਪਹਿਲਾਂ ਹਰਿਆਣਾ ਦੇ 5 ਜ਼ਿਲ੍ਹਿਆਂ ਕਰਨਾਲ, ਜੀਂਦ, ਪਾਣੀਪਤ, ਕੈਥਲ ਅਤੇ ਕੁਰੂਕਸ਼ੇਤਰ ਵਿੱਚ ਇੰਟਰਨੈਟ ਸੇਵਾਵਾਂ 'ਤੇ ਪਾਬੰਦੀ ਲਗਾਈ ਗਈ ਸੀ, ਹਾਲਾਂਕਿ 4 ਜ਼ਿਲ੍ਹਿਆਂ ਵਿੱਚ ਨੈੱਟ ਪਹਿਲਾਂ ਹੀ ਆਮ ਤੌਰ 'ਤੇ ਸ਼ੁਰੂ ਹੋ ਗਿਆ ਸੀ। ਪਰ ਕਰਨਾਲ ਵਿੱਚ ਅੱਜ ਤੋਂ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਸਕੱਤਰੇਤ ਦੇ ਬਾਹਰ ਬੈਠੇ ਟਾਈਪਿਸਟ ਵੀ ਇੰਟਰਨੈਟ ਬੰਦ ਹੋਣ ਕਾਰਨ ਕਾਫੀ ਪਰੇਸ਼ਾਨ ਸਨ।