ਲੈ ਲਓ ਘਰ-ਘਰ ਰੁਜ਼ਗਾਰ; ਸਲ਼ੈਕਟਿਡ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਭੱਜੀ ਹਕੂਮਤ! (ਨਿਊਜ਼ਨੰਬਰ ਖ਼ਾਸ ਖ਼ਬਰ)

ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਾਹਮਣੇ ਸਕਰੂਟਨੀ ਕਰਵਾ ਚੁੱਕੇ 2364 ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੱਕਾ ਧਰਨਾ ਲਗਾਤਾਰ 56ਵੇਂ ਦਿਨ ਵੀ ਜਾਰੀ ਰਿਹਾ।

ਜ਼ਿਕਰਯੋਗ ਹੈ ਕਿ 2364 ਈਟੀਟੀ ਭਰਤੀ 6 ਮਾਰਚ 2020 ਨੂੰ ਜਾਰੀ ਹੋਈ ਸੀ, ਜਿਸਦਾ ਸਕਰੀਨਿੰਗ ਟੈਸਟ ਹੋਣ ਤੋਂ ਬਾਅਦ ਦਸੰਬਰ 2020 ਤੱਕ ਸਕਰੂਟਨੀ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ। ਪ੍ਰੰਤੂ 8 ਮਹੀਨੇ ਤੋਂ ਵੱਧ ਸਮਾਂ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਅੱਜ ਇਹ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਇਸ ਸੰਬੰਧੀ ਜਥੇਬੰਦੀ ਦੇ ਆਗੂ ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਨਾਲ ਸਮੇਂ ਸਮੇਂ ਤੇ ਮੀਟਿੰਗਾਂ ਹੋਈਆਂ ਪ੍ਰੰਤੂ ਕੋਈ ਹੱਲ ਨਹੀਂ ਨਿਕਲਿਆ। 8 ਮਹੀਨਿਆਂ ਦੀ ਬੇਵਜ੍ਹਾ ਮਾਨਸਿਕ ਪ੍ਰੇਸ਼ਾਨੀ ਕਾਰਨ ਪਿਛਲੇ ਦਿਨੀਂ ਤਿੰਨ ਸਲੈਕਟਿਡ ਅਧਿਆਪਕ ਭਾਖੜਾ ਨਹਿਰ ਵਿੱਚ ਛਾਲ ਮਾਰਨ ਲਈ ਮਜਬੂਰ ਹੋ ਗਏ ਸਨ।

ਯੂਨੀਅਨ ਆਗੂਆਂ ਕਿਹਾ ਕਿ ਆਉਣ ਵਾਲੀ ਪੰਜ ਸਤੰਬਰ ਨੂੰ ਪੰਜਾਬ ਸਰਕਾਰ ਨੂੰ 2364 ਅਧਿਆਪਕਾਂ ਨੂੰ ਪਹਿਲਾਂ ਜਾਰੀ ਇਸ਼ਤਿਹਾਰ ਅਨੁਸਾਰ ਨਿਯੁਕਤੀ ਪੱਤਰ ਜਾਰੀ ਕਰਕੇ ਇਹਨਾਂ ਅਧਿਆਪਕਾਂ ਨੂੰ ਵੀ ਅਧਿਆਪਕ ਦਿਵਸ ਮਨਾਉਣ ਦਾ ਹੱਕ ਦੇਵੇ।

ਜਥੇਬੰਦੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਤਾਂ 5 ਸਤੰਬਰ ਤੋਂ ਹੀ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਨਾਲ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

ਇਸ ਮੌਕੇ ਯੂਨੀਅਨ ਸਟੇਟ ਕਮੇਟੀ ਮੈਂਬਰ ਜਗਜੀਤ ਸਿੰਘ ਮੋਗਾ, ਗੁਰਜੰਟ ਪਟਿਆਲਾ, ਕੁਲਦੀਪ ਚਹਿਲ ਗੁਲਾੜੀ, ਰਾਮ ਸਿੰਘ ਮੱਲਕੇ, ਸੁਖਜਿੰਦਰ ਰਈਆ, ਮਲੂਕ ਸਿੰਘ ਮਾਨਸਾ, ਗੁਰਜੀਤ ਸਿੰਘ ਮਾਨਸਾ, ਅਮਰਜੀਤ ਗੁਲਾੜੀ, ਬੂਟਾ ਸਿੰਘ ਮਾਨਸਾ, ਸੁਖਚੈਨ ਸਿੰਘ, ਗੁਲਜਾਰ ਮਾਨਸਾ, ਵਿਸ਼ਾਲ ਪਟਿਆਲਾ, ਲਖਵੀਰ ਗਿੱਲ ਆਦਿ ਹਾਜਰ ਸਨ।