ਸੱਚ ਨੂੰ ਕੌਣ ਦਬਾ ਸਕਦੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਿੱਖਿਆ ਵਿਭਾਗ ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਹੈ, ਕਿਉਂਕਿ ਵਿਭਾਗ ਦੇ ਅੰਦਰ ਅਜਿਹੀਆਂ ਗਤੀਵਿਧੀਆਂ ਹੋ ਰਹੀਆਂ ਹਨ, ਜੋ ਕਾਨੂੰਨ ਦੇ ਮੁਤਾਬਕ ਠੀਕ ਨਹੀਂ ਹਨ। ਸਿੱਖਿਆ ਸਕੱਤਰ ਹਮੇਸ਼ਾਂ ਹੀ ਆਪਣੇ ਹੁਕਮਾਂ ਦੇ ਕਾਰਨ ਵਿਵਾਦਾਂ ਵਿੱਚ ਰਹਿੰਦੇ ਹਨ, ਜਿਸ ਦੇ ਕਾਰਨ ਅਧਿਆਪਕਾਂ ਵੱਲੋਂ ਉਸ ਦਾ ਜੰਮ ਕੇ ਵਿਰੋਧ ਕੀਤਾ ਜਾਂਦਾ ਰਿਹਾ ਹੈ। ਬਦਲੀਆਂ ਵਿੱਚ ਕੀਤੀ ਗਈ ਹੇਰਾਫੇਰੀ ਨੂੰ ਲੈ ਕੇ ਹਮੇਸ਼ਾਂ ਹੀ ਅਧਿਆਪਕਾਂ ਦੇ ਵੱਲੋਂ ਸਰਕਾਰ ਅਤੇ ਵਿਭਾਗ ਖ਼ਿਲਾਫ਼ ਝੰਡਾ ਚੁੱਕਿਆ ਗਿਆ, ਪਰ ਹੁਣ ਅਧਿਆਪਕਾਂ ਵੱਲੋਂ ਚੁੱਕਿਆ ਗਿਆ ਝੰਡਾ ਵਿਭਾਗ ਦੇ ਅਫ਼ਸਰਾਂ ਲਈ ਸਿਰਦਰਦੀ ਬਣ ਚੁੱਕਿਆ ਹੈ।

ਅਧਿਆਪਕਾਂ ਦੇ ਸੰਘਰਸ਼ ਨੂੰ ਬੂਰ ਪੈਂਦਾ ਹੋਇਆ ਵਿਖਾਈ ਦੇ ਰਿਹਾ ਹੈ। ਬੇਸ਼ੱਕ ਸਿੱਖਿਆ ਸਕੱਤਰ ‘ਤੇ ਇਹ ਦੋਸ਼ ਅਧਿਆਪਕ ਲਗਾਉਂਦੇ ਰਹੇ ਹਨ ਕਿ ਉਹਦੇ ਵੱਲੋਂ ਬਦਲੀਆਂ ਵਿੱਚ ਆਪ ਹੁਦਰੀ ਵਰਤੀ ਗਈ ਹੈ, ਪਰ ਦੂਜੇ ਪਾਸੇ ਸਿੱਖਿਆ ਸਕੱਤਰ ਵੱਲੋਂ ਮੁਹਾਲੀ ਦੀ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਜ਼ਿਲ੍ਹੇ ਦੀ ਸਾਬਕਾ ਸਿੱਖਿਆ ਅਫ਼ਸਰ ਗੁਰਪ੍ਰੀਤ ਕੌਰ ਧਾਲੀਵਾਲ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਦੇ ਵੱਲੋਂ ਬਦਲੀਆਂ ਵਿੱਚ ਹੇਰਾਫੇਰੀ ਕਰਕੇ ਅਤੇ ਆਰਜ਼ੀ ਤੌਰ ‘ਤੇ ਆਪਣੇ ਖਾਸਮ ਖਾਸ ਅਧਿਆਪਕਾਂ ਅਤੇ ਸਟਾਫ਼ ਦੀ ਬਦਲੀ ਕੀਤੀ ਗਈ, ਜੋ ਕਿ ਨਿਯਮਾਂ ਦੇ ਉਲਟ ਹੈ ਅਤੇ ਇਹ ਸਿੱਧੇ ਤੌਰ ‘ਤੇ ਵਿਭਾਗੀ ਹੁਕਮਾਂ ਦੀ ਉਲੰਘਣਾ ਹੈ।

ਸਿੱਖਿਆ ਸਕੱਤਰ ਵੱਲੋਂ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੱਤਰ ਜਾਰੀ ਕਰਕੇ ਇਸ ਦਾ ਸਪੱਸ਼ਟੀਕਰਨ ਮੰਗਿਆ ਹੈ ਅਤੇ ਨਾਲ ਹੀ ਕਿਹਾ ਹੈ ਕਿ ਉਹ ਸਾਰਾ ਰਿਕਾਰਡ ਲੈ ਕੇ ਆਉਣ, ਜਿਸ ਦੀ ਵਰਤੋਂ ਕਰਕੇ ਉਹਨੇ ਵਿਭਾਗ ਦੇ ਅਧਿਆਪਕਾਂ ਤੇ ਹੋਰ ਸਟਾਫ ਦੀ ਬਦਲੀ ਕੀਤੀ ਹੈ ਕਰਵਾਈ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਸਿੱਖਿਆ ਅਧਿਕਾਰੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ, ਜੋ ਆਪਣੇ ਖਾਸ-ਮ-ਖਾਸ ਦੀਆਂ ਬਦਲੀਆਂ ਵਿਸ਼ੇਸ਼ ਸਟੇਸ਼ਨਾਂ ਤੇ ਕਰਵਾਉਂਦੇ ਰਹੇ ਹਨ।

ਦੇਖਣਾ ਹੁਣ ਇਹ ਹੋਵੇਗਾ ਕਿ ਕੀ ਸਿੱਖਿਆ ਸਕੱਤਰ ਏਸ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਖ਼ਿਲਾਫ਼ ਕੋਈ ਸਖ਼ਤ ਕਦਮ ਉਠਾਉਂਦਾ ਹੈ ਜਾਂ ਨਹੀਂ? ਦੱਸਦੇ ਚਲੀਏ ਕਿ ਵਿਭਾਗ ਦੇ  ਜੂਨੀਅਰ ਕਲਰਕ ਪ੍ਰਿਤਪਾਲ ਸਿੰਘ ਜੋ ਕਿ ਰਿਸ਼ਵਤ ਲੈਣ ਦੇ ਮਾਮਲੇ ਵਿਚ ਇਸ ਵੇਲੇ ਸਲਾਖਾਂ ਪਿੱਛੇ ਹੈ, ਉਸ ਦੁਆਰਾ ਵੀ ਜੋ ਕਾਰਨਾਮੇ ਕੀਤੇ ਗਏ ਸਨ, ਉਸ ਵਿਚ ਕਈ ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫਸਰ, ਬਲਾਕ ਸਿੱਖਿਆ ਅਫ਼ਸਰ ਅਤੇ ਕੁਝ ਅਧਿਆਪਕਾਂ ਦੇ ਨਾਂ ਬੋਲੇ ਸਨ, ਜਿਨ੍ਹਾਂ ਨੇ ਪ੍ਰਿਤਪਾਲ ਸਿੰਘ ਦੀ ਮਦਦ ਦੇ ਨਾਲ ਠੱਗੀ ਠੋਰੀ ਦਾ ਧੰਦਾ ਚਲਾਇਆ ਹੋਇਆ ਸੀ।