ਕਿਸਾਨ ਅੰਦੋਲਨ: ਕਿਸਾਨਾਂ ਦੇ ਸਿਰ ਪਾੜਣ ਦਾ ਹੁਕਮ ਦੇਣ ਵਾਲਾ ਤਾਨਾਸ਼ਾਹ ਬਾਬੂ! (ਨਿਊਜ਼ਨੰਬਰ ਖ਼ਾਸ ਖ਼ਬਰ)

ਜਮਹੂਰੀ ਅਧਿਕਾਰ ਸਭਾ ਪੰਜਾਬ ਪੰਜਾਬ ਵੱਲੋਂ ਬੀਤੇ ਦਿਨੀ ਹਰਿਆਣਾ ਸੂਬੇ ਦੇ ਕਰਨਾਲ ਦੇ ਐੱਸ ਡੀ ਐੱਮ ਵੱਲੋਂ ਕਰਨਾਲ ਪੁਲਿਸ ਨੂੰ ਬਸਤਾੜਾ ਟੋਲ ਪਲਾਜਾ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਨੂੰ ਹਿਟਲਰ ਸ਼ਾਹੀ ਹੁਕਮ ਦੀ ਸਖ਼ਤ ਨਿਖੇਧੀ ਕਰਦਿਆਂ ਉਸਦੇ ਖਿ਼ਲਾਫ਼ ਕਤਲ ਦਾ ਮੁਕੱਦਮਾ ਦਰਜ਼ ਕਰਕੇ ਤੁਰੰਤ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਦੇ ਪ੍ਰਧਾਨ ਨਾਮਦੇਵ ਭੂਟਾਲ, ਸਹਾਇਕ ਸਕੱਤਰ ਗੁਰਪ੍ਰੀਤ ਕੌਰ ਅਤੇ ਵਿੱਤ ਸੱਕਤਰ ਮਨਧੀਰ ਸਿੰਘ, ਕਾਰਜਕਾਰੀ ਮੈਂਬਰ ਮਾਸਟਰ ਜਗਰੂਪ ਸਿੰਘ ਤੇ ਸਵਰਨਜੀਤ ਸਿੰਘ ਨੇ ਕਿਹਾ ਕਿ ਕਰਨਾਲ ਵਿਚ ਮਨੋਹਰ ਲਾਲ ਖੱਟੜ ਦੀ ਆਮਦ ਅਤੇ ਬੀ.ਜੇ.ਪੀ. ਦੀ ਮੀਟਿੰਗ ਵਿਰੁੱਧ ਜਮਹੂਰੀ ਤਰੀਕੇ ਨਾਲ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਅਤਿਅੰਤ ਬੇਕਿਰਕੀ ਨਾਲ ਲਾਠੀਚਾਰਜ ਕੀਤਾ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਵਹਿਸ਼ੀ ਤਸ਼ੱਦਦ ਕਾਰਨ ਇਕ ਜ਼ਖ਼ਮੀ ਕਿਸਾਨ ਸ਼ਹੀਦ ਹੋ ਗਿਆ। 

ਉਨ੍ਹਾਂ ਕਿਹਾ ਕਿ ਇਹ ਨਾਗਰਿਕਾਂ ਦੇ ਇਕੱਠੇ ਹੋਣ ਅਤੇ ਵਿਰੋਧ ਪ੍ਰਦਰਸ਼ਨ ਕਰਨ ਦੇ ਜਮਹੂਰੀ ਹੱਕ ਉੱਪਰ ਤਾਨਾਸ਼ਾਹ ਹਮਲਾ ਹੈ ਜੋ ਹਰਿਆਣਾ ਸਰਕਾਰ, ਖ਼ਾਸ ਕਰਕੇ ਮੁੱਖ ਮੰਤਰੀ ਖੱਟੜ ਦੇ ਰਾਜਨੀਤਕ ਇਸ਼ਾਰੇ ‘ਤੇ ਕੀਤਾ ਗਿਆ ਹੈ। ਇਹ ਘਟਨਾ ਸਾਬਤ ਕਰਦੀ ਹੈ ਕਿ ਆਰ.ਐੱਸ.ਐੱਸ. ਬੀ.ਜੇ.ਪੀ. ਵੱਲੋਂ ਸਿਵਲ ਪ੍ਰਸ਼ਾਸਨ ਨੂੰ ਕਿਵੇਂ ਲਾਕਾਨੂੰਨੀਆਂ ਨੂੰ ਅੰਜਾਮ ਦੇਣ ਵਾਲੀ ਨਿੱਜੀ ਫ਼ੌਜ ‘ਚ ਬਦਲਿਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਤਾਨਾਸ਼ਾਹ ਮਾਨਸਿਕਤਾ ਵਾਲੇ ਐੱਸ.ਡੀ.ਐੱਮ. ਆਯੂਸ਼ ਸਿਨਹਾ, ਜਿਸ ਦੀ ਸੰਵਿਧਾਨਕ ਡਿਊਟੀ ਅਮਨ-ਕਾਨੂੰਨ ਬਣਾਈ ਰੱਖਣ ਦੀ ਸੀ, ਵਲੋਂ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਉੱਪਰ ਹਮਲਾ ਕਰਨ ਲਈ ਉਕਸਾਉਣਾ ਅਤੇ ਉਨ੍ਹਾਂ ਦੇ ਸਿਰ ਤੋੜਨ ਦੇ ਹੁਕਮ ਦੇਣਾ ਬੇਹੱਦ ਖ਼ਤਰਨਾਕ ਰੁਝਾਨ ਹੈ। 

ਉਨ੍ਹਾਂ ਕਿਹਾ ਕਿ “ਸਿੰਪਲ ਹੈ, ਜੋ ਵੀ ਹੋ, ਕੋਈ ਵੀ ਨਹੀਂ ਜਾਏਗਾ ਵਹਾਂ, ਸਪਸ਼ਟ ਕਰ ਦੇਤਾ ਹੂੰ.. ਸਰ ਫੋੜ ਦੋ। ਡਿਉਟੀ ਮੈਜਿਸਟਰੇਟ ਹੂੰ, ਲਿਖਤ ਮੇਂ ਬਤਾ ਰਹਾ ਹੂੰ। ਸੀਧੇ ਉਠਾ ਉਠਾ ਕੇ ਮਾਰਨਾ। ਕੋਈ ਡਾਉਟ ਨਹੀਂ, ਕੋਈ ਡਾਇਰੈਕਸ਼ਨ ਕੀ ਜ਼ਰੂਰਤ ਨਹੀਂ। ਏਕ ਬੰਦਾ ਨਹੀਂ ਜਾਨਾ ਚਾਹੀਏ। ਅਗਰ ਜਾਏਗਾ ਨਾ ਤੋ ਉਸ ਕਾ ਸਿਰ ਟੂਟਾ ਹੋਨਾ ਚਾਹੀਏ।” ਉਸ ਦੇ ਇਨ੍ਹਾਂ ਵਾਕਾਂ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ, ਐਸੇ ਗ਼ੈਰਸੰਵਿਧਾਨਕ ਹੁਕਮ ਦੇਣ ਵਾਲੇ ਅਧਿਕਾਰੀ ਨੂੰ ਨੌਕਰੀ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਸਮੂਹ ਇਨਸਾਫ਼ਪਸੰਦ ਨਾਗਰਿਕਾਂ ਨੂੰ ਇਸ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਨੂੰ ਲਾਕਾਨੂੰਨੀਆਂ ਕਰਨ ਲਈ ਉਕਸਾਉਣ ਵਾਲੇ ਐੱਸ.ਡੀ.ਐੱਮ. ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਉਸ ਦੇ ਖਿ਼ਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਤੁਰੰਤ ਗਿਰਫ਼ਤਾਰ ਕੀਤਾ ਜਾਵੇ।