ਪੰਜਾਬ ਜਾਮ ਕਿਉਂ ਕੀਤਾ ਕਿਸਾਨਾਂ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਹਰਿਆਣਾ ਦੇ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨ ਉੱਪਰ ਹਰਿਆਣਾ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉਪਰ ਅੱਜ ਪੰਜਾਬ ਵਿੱਚ ਸੜਕਾਂ ਜਾਮ ਕੀਤੀਆਂ ਗਈਆਂ । ਜਿਸ ਦੇ ਚਲਦਿਆਂ ਫੂਲਪੁਰ ਸੱਤ ਨੰਬਰ ਚੁੰਗੀ ਉੱਪਰ ਵੀ ਕਿਸਾਨਾਂ ਨੇ ਜਾਮ ਲਗਾਇਆ ।

ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੀਕੇਯੂ ਸਿੱਧੂਪੁਰ ਬੀਕੇਯੂ ਕਾਦੀਆਂ ਬੀਕੇਯੂ ਪੰਜਾਬ ਅਤੇ ਬੀਕੇਯੂ ਮਾਨਸਾ ਜਥੇਬੰਦੀਆਂ ਨੇ ਵੱਡੀ ਸ਼ਮੂਲੀਅਤ ਕੀਤੀ । ਇਕੱਠੇ ਹੋਏ ਕਿਸਾਨਾਂ ਨੇ ਖੱਟਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਕੱਲ੍ਹ ਹਰਿਆਣਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਸ਼ਾਂਤਮਈ ਵਿਰੋਧ ਕਰਦੇ ਕਿਸਾਨਾਂ ਨੂੰ ਟੋਲ ਪਲਾਜ਼ਾ ਉਪਰ ਪੁਲੀਸ ਵੱਲੋਂ ਬੁਰੀ ਤਰ੍ਹਾਂ ਲਾਠੀਚਾਰਜ ਕਰਕੇ ਸੱਟਾਂ ਲਗਾਈਆਂ ਗਈਆਂ। ਜਿਸ ਦੇ ਚੱਲਦਿਆਂ ਇਕ ਕਿਸਾਨ ਸੁਸ਼ੀਲ ਕਾਜਲਾ ਅੱਜ ਸ਼ਹੀਦ ਹੋ ਗਿਆ ਹੈ । ਹਰਿਆਣਾ ਪੁਲੀਸ ਦੀ ਇਸ ਬਰਬਰਤਾ ਦੇ ਵਿਰੋਧ ਵਿੱਚ ਅੱਜ ਪੰਜਾਬ ਦਿੱਲੀ ਵਿਚ ਨੈਸ਼ਨਲ ਹਾਈਵੇ ਜਾਮ ਕੀਤੇ ਗਏ ਹਨ ।

ਆਗੂਆਂ ਨੇ ਮੰਗ ਕੀਤੀ ਕਿ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਸਰਕਾਰ ਮੁਆਵਜ਼ਾ ਜਾਰੀ ਕਰੇ ਇਸ ਤੋਂ ਇਲਾਵਾ ਪੁਲੀਸ ਨੂੰ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲੇ ਐੱਸਡੀਐੱਮ ਨੂੰ ਬਰਖਾਸਤ ਕੀਤਾ ਜਾਵੇ ਅਤੇ ਕਿਸਾਨਾਂ ਉਪਰ ਲਾਠੀਚਾਰਜ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ ।