ਕੀ ਭਾਜਪਾ ਕਿਸਾਨਾਂ ਤੋਂ ਡਰ ਚੁੱਕੀ ਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਹਰਿਆਣਾ ਦੀ ਪੁਲੀਸ ਵੱਲੋਂ ਘਰੌਂਡਾ ਟੋਲ ਪਲਾਜ਼ੇ ਉਪਰ ਕਿਸਾਨਾਂ ਤੇ ਕੀਤੇ ਗਏ ਦਰਿੰਦਗੀ ਅਤੇ ਵਹਿਸ਼ੀ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਚਲ ਰਹੇ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਕਿਸਾਨਾਂ ਵੱਲੋਂ ਕੱਲ੍ਹ ਕਰਨਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਸ਼ਾਂਤਮਈ ਤਰੀਕੇ ਨਾਲ ਕਾਲੇ ਝੰਡੇ ਵਿਖਾ ਕੇ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਵਹਿਸ਼ੀ ਲਾਠੀਚਾਰਜ ਕੀਤਾ ਹੈ।

ਜਿਸ ਨੂੰ ਲੈ ਕੇ ਹਰਿਆਣੇ ਤੇ ਪੰਜਾਬ ਦੇ ਕਿਸਾਨਾਂ ਵੱਲੋਂ ਜਗ੍ਹਾ ਜਗ੍ਹਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੀ ਅੜੀ ਛੱਡਣ ਦੀ ਬਜਾਏ ਕਿਸਾਨਾਂ ਤੇ ਜਬਰ ਕਰਨ ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਨੂੰ ਯੂਪੀ ਅਤੇ ਉਤਰਾਖੰਡ ਵਿਚ ਹਿਲਾਉਣ ਲਈ ਪੰਜ ਸਤੰਬਰ ਨੂੰ ਵੱਡੀ ਮਹਾਂਪੰਚਾਇਤ ਕੀਤੀ ਜਾ ਰਹੀ ਹੈ।

ਜਿਸ ਤੋਂ ਬੁਖਲਾਹਟ ਵਿਚ ਆਉਂਦਿਆਂ ਹੀ ਸਰਕਾਰ ਵੱਲੋਂ ਹਰਿਆਣਾ ਦੇ ਕਿਸਾਨਾਂ ਉਪਰ ਇਹ ਲਾਠੀਚਾਰਜ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਇੱਥੇ ਹੀ ਉਲਝਾ ਕੇ ਰੱਖਿਆ ਜਾ ਸਕੇ। ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਜੋ ਜਾਇਜ਼ਾ ਲਿਆ ਹੈ ਇਸ ਅਨੁਸਾਰ ਕਿਸਾਨਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਾਰਡ ਤੋੜ ਰੈਲੀ ਮੁਜ਼ੱਫਰਨਗਰ ਵਿੱਚ ਹੋ ਰਹੀ ਹੈ, ਜਿਸ ਨੇ ਸਰਕਾਰ ਦੀ ਨੀਂਦ ਹਰਾਮ ਕਰ ਰੱਖੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਹੱਥਕੰਡਿਆਂ ਨਾਲ ਇਹ ਅੰਦੋਲਨ ਡੋਲੇਗਾ ਨਹੀਂ ਸਗੋਂ ਹੋਰ ਮਜ਼ਬੂਤੀ ਨਾਲ ਅੱਗੇ ਵਧੇਗਾ ਅਤੇ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।