ਸਰਕਾਰ ਦੇ ਲਾਰਿਆਂ ਤੋਂ ਅੱਕੇ ਅਧਿਆਪਕਾਂ ਨੇ ਮਾਰ ਦਿੱਤੀਆਂ ਭਾਖੜਾ 'ਚ ਛਾਲਾਂ!(ਨਿਊਜ਼ਨੰਬਰ ਖ਼ਾਸ ਖ਼ਬਰ)

ਧਰਨਿਆਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਾਹਮਣੇ ਨਿਯੁੁਕਤੀ ਪੱਤਰ ਦੀ ਮੰਗ ਨੂੰ ਲੈ ਕੇ ਪਿਛਲੇ 50 ਦਿਨਾਂ ਤੋਂ ਪੱਕਾ ਧਰਨਾ ਲਗਾ ਕੇ ਬੈਠੇ ਹੋਏ 2364 ਈਟੀਟੀ ਸਲ਼ੈਕਟਿਡ ਅਧਿਆਪਕਾਂ ਵਲੋਂ ਸਰਕਾਰ ਦੀ ਅਣਦੇਖੀ ਅਤੇ ਟਾਲ ਮਟੋਲ ਕਰਕੇ ਅੱਜ ਪਟਿਆਲਾ ਵਿਖੇ ਸੂਬਾ ਪੱਧਰੀ ਇਕੱਠ ਕਰਕੇ ਫੁਹਾਰਾ ਚੌਂਕ ਵਿਚ ਜੋਰਦਾਰ ਪ੍ਰਦਰਸ਼ਨ ਕਰਦਿਆਂ ਮਜਬੂਰ ਹੋਏ ਅਧਿਆਪਕਾਂ ਵਲੋਂ ਭਾਖੜਾ ਵੱਲ ਰੁੱਖ ਕਰ ਲਿਆ ਅਤੇ ਸਰਕਾਰ ਦੇ ਲਾਰਿਆਂ ਤੋਂ ਅੱਕੇ ਦੋ ਅਧਿਆਪਕਾਂ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ।

ਇਹਨਾਂ ਵਿੱਚ ਸੰਦੀਪ ਸੰਗਰੂਰ ਅਤੇ ਅਨੂਪ ਸੰਗਰੂਰ ਸ਼ਾਮਿਲ ਸਨ, ਹਾਲਾਕਿ ਗੋਤਾਖੋਰਾਂ ਵਲੋਂ ਮੌਕੇ ਇਹਨਾਂ ਨੂੰ ਬਚਾ ਲਿਆ ਗਿਆ। ਜ਼ਿਕਰਯੋਗ ਹੈ ਕਿ 06/03/2020 ਨੂੰ ਜਾਰੀ ਹੋਈਆਂ 2364 ਈਟੀਟੀ ਪੋਸਟਾਂ ਲਈ ਦਸੰਬਰ 2020 ਤੱਕ ਸਕਰੂਟਨੀ ਪ੍ਰਕਿਰਿਆ ਪੂਰੀ ਕਰਵਾ ਚੁੱਕੇ ਅਧਿਆਪਕਾਂ ਨੂੰ ਲਗਪਗ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ।

ਇਸ ਸੰਬੰਧੀ ਜਥੇਬੰਦੀ ਦੇ ਆਗੂ ਯੂਨੀਅਨ ਸਟੇਟ ਕਮੇਟੀ ਮੈਂਬਰ ਜਗਜੀਤ ਸਿੰਘ ਮੋਗਾ, ਕੁਲਦੀਪ ਚਹਿਲ ਗੁਲਾੜੀ, ਗੁਰਜੰਟ ਪਟਿਆਲਾ , ਸੁਖਜਿੰਦਰ ਰਈਆ, ਰਾਮ ਸਿੰਘ ਮੱਲਕੇ, ਜਰਮਨ ਹੁੰਦਲ, ਅਰਸ਼ਦੀਪ ਸਿੰਘ, ਬੂਟਾ ਸਿੰਘ ਮਾਨਸਾ, ਡੀ.ਟੀ.ਐੱਫ ਦੇ ਸੂਬਾ ਆਗੂ ਵਿਕਰਮਦੇਵ ਸਿੰਘ, ਜਨਰਲ ਸਕੱਤਰ ਹਰਦੀਪ ਸਿੰਘ ਟੋਡਰਪੁਰ, ਗਗਨ ਖੁਡਾਲ, ਮਲੂਕ ਸਿੰਘ ਮਾਨਸਾ, ਚਰਨਜੀਤ ਕੌਰ, ਗੁਰਜੀਤ ਸਿੰਘ, ਲਖਵੀਰ ਗਿੱਲ ਨੇ ਦੱਸਿਆ ਕਿ ਸਰਕਾਰ ਨਾਲ ਸਮੇਂ ਸਮੇਂ ਤੇ ਮੀਟਿੰਗਾਂ ਹੋਈਆਂ।

ਪ੍ਰੰਤੂ ਕੋਈ ਹੱਲ ਨਹੀਂ ਨਿੱਕਲਿਆ ਤੇ ਸਿਰਫ ਲਾਰੇ ਹੀ ਲਗਾਏ ਜਾ ਰਹੇ ਹਨ। ਸਰਕਾਰ ਦੀ ਅਣਦੇਖੀ ਦੇ ਕਾਰਨ ਇਹ ਸਲੈਕਟਿਡ ਅਧਿਆਪਕ ਸੜਕਾਂ ਤੇ ਉੁੱਤਰਣ ਲਈ ਮਜ਼ਬੂਰ ਹਨ।