ਆਖਿਰ ਕਿਸਾਨਾਂ ਅੱਗੇ ਝੁਕ ਹੀ ਗਈ ਸਰਕਾਰ! (ਨਿਊਜ਼ਨੰਬਰ ਖਾਸ ਖ਼ਬਰ)

ਗੰਨੇ ਦਾ ਸਹੀ ਭਾਅ ਲੈਣ ਲਈ ਕਿਸਾਨਾਂ ਦਾ ਅੰਦੋਲਨ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਜਲੰਧਰ ਸ਼ਹਿਰ ਵਿਖੇ ਜਾਰੀ ਹੈ। ਦੋ ਮੀਟਿੰਗਾਂ ਸਰਕਾਰ ਨਾਲ ਹੋਈਆਂ, ਪਰ ਦੋਵਾਂ ਦੇ ਵਿੱਚ ਹੀ ਕੋਈ ਸਿੱਟਾ ਨਾ ਨਿਕਲ ਸਕਿਆ। ਜਿਸ ਦੇ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਸਰਕਾਰ ਦੇ ਖ਼ਿਲਾਫ਼ ਮੋਰਚੇ ਨੂੰ ਹੋਰ ਤਿਖਾ ਕਰਨ ਦਾ ਐਲਾਨ ਕਰ ਦਿੱਤਾ ਸੀ।

ਪਰ ਅੱਜ ਸਰਕਾਰ ਦੇ ਨਾਲ ਹੋਈ ਮੀਟਿੰਗ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਦੁਆਰਾ ਮੰਨ ਲਿਆ ਗਿਆ। ਗੰਨਾ ਕਿਸਾਨਾਂ ਦੀ ਮੰਗ ਨੂੰ ਮੰਨਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਨੇ ਪਿੜਾਈ ਦੇ ਸੀਜ਼ਨ 2021-22 ਲਈ ਰਾਜ ਸਹਿਮਤ ਕੀਮਤ (ਐਸਏਪੀ) ਵਿੱਚ 35 ਰੁਪਏ ਪ੍ਰਤੀ ਕੁਇੰਟਲ ਦੇ ਹੋਰ ਵਾਧੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਿਸਾਨਾਂ ਨੂੰ ਹੁਣ 360 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਜੋ ਗੁਆਂਢੀ ਰਾਜ ਹਰਿਆਣਾ ਨਾਲੋਂ 2 ਰੁਪਏ ਵੱਧ ਹੈ ਇਹ ਜਾਣਕਾਰੀ ਰਵੀਨ ਠੁਕਰਾਲ, ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਦਿੱਤੀ।

ਇਸੇ ਦੌਰਾਨ ਪਿਛਲੇ ਦਿਨਾਂ ਤੋਂ ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨ ਆਗੂਆਂ ਦੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ। ਕਿਸਾਨ ਆਗੂਆਂ ਨੇ ਮੀਟਿੰਗ ਤੋਂ ਬਾਅਦ ਬਾਹਰ ਆ ਕੇ ਦੱਸਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਗੰਨੇ ਦੀ ਕੀਮਤ 360 ਰੁਪਏ ਤੈਅ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਪਿਛਲੇ ਦਿਨਾਂ ਤੋਂ ਬੰਦ ਕੀਤੀਆਂ ਸੜਕਾਂ ਅਤੇ ਰੇਲਵੇ ਲਾਈਨ ਨੂੰ ਹੁਣ ਖੋਲ੍ਹ ਦਿੱਤਾ ਜਾਵੇ। ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਦਿੱਲੀ ਵੱਲ ਚਾਲੇ ਪਾਉਣ।