ਪੰਜਾਬ ਕਾਂਗਰਸ ਦੋ ਧੜਿਆਂ ’ਚ ਵੰਡੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੀ ਪੰਜਾਬ ਕਾਂਗਰਸ ਦੇ ਦੋ ਧੜਿਆਂ ’ਚ ਸੁਲਾਹ ਸਫਾਈ ਹੋ ਸਕਦੀ ਹੈ? ਇਸ ਸਵਾਲ ਦੀ ਮੀਡੀਏ ਵੱਲੋਂ ਕੀਤੀ ਜਾਂਦੀ ਉਧੇੜ ਬੁਣ ’ਚੋਂ ਹਰ ਰੋਜ਼ ਨਵਾਂ ਸਵਾਲ ਖੜ੍ਹਾ ਹੋ ਰਿਹਾ ਹੈ। ਪਿਛਲੇ ਕਾਫੀ ਸਮੇਂ ਤੋਂ ਨਵਜੋਤ ਸਿੱਧੂ ਤੇ ਉਸਦੇ ਸਲਾਹਕਾਰਾਂ ਵੱਲੋਂ ਕੈਪਟਨ ਖਿਲਾਫ ਕੀਤੀ ਜਾਂਦੀ ਬਿਆਨਬਾਜ਼ੀ ਨੂੰ ਕੈਪਟਨ ਧੜਾ ਪਾਰਟੀ ਵਿਰੋਧੀ ਕਹਿ ਕੇ ਕੈਪਟਨ ਦੀ ਚੁੱਪ ਨੂੰ ਸਿਆਣਪ ਦਾ ਨਾਂ ਦਿੰਦਾ ਆ ਰਿਹਾ ਸੀ ਪਰ ਕੁਝ ਦਿਨ ਪਹਿਲਾਂ ਹਾਈ ਕਮਾਂਡ ਦੀ ਘੁਰਕੀ ਤੋਂ ਬਾਅਦ ਕੈਪਟਨ - ਸਿੱਧੂ ਦੇ ਮਿਲੇ ਹੱਥਾਂ ਨੂੰ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਹੀ ਬਾਏ ਬਾਏ ਕਹਿ ਦਿੱਤਾ ਹੈ।

ਕਾਂਗਰਸ ਦੇ ਦੋਵੇਂ ਧੜੇ ਇਕ ਦੂਜੇ ਨੂੰ ਠਿੱਬੀ ਲਾਉਣ ਲਈ ਬਿਆਨ ਦਾਗਦੇ ਹਨ ਤੇ ਫਿਰ ਦੋਵੇਂ ਇੱਕ ਦੂਜੇ ਨੂੰ ਨਸੀਹਤ ਦੇਣ ਦਾ ਕੰਮ ਵੀ ਨਹੀਂ ਭੁੱਲਦੇ।ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੈਣੀ ਦੀ ਰਿਹਾਈ ਦੇ ਮਾਮਲੇ ਉਤੇ ਗ੍ਰਹਿ ਸਕੱਤਰ, ਐਡਵੋਕੇਟ ਜਨਰਲ ਤੇ ਵਿਜੀਲੈਂਸ ਦੇ ਉਚ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਬਿਆਨ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਰੰਧਾਵਾ ਨੂੰ ਨਸੀਹਤ ਦਿੱਤੀ ਸੀ ਕਿ ਜਨਤਕ ਤੌਰ ਤੇ ਅਜਿਹੀ ਟਿੱਪਣੀ ਕਰਨ ਤੋਂ ਪਹਿਲਾਂ ਉਹ ਮੇਰੇ ਨਾਲ ਜਾਂ ਪਾਰਟੀ ਪਲੇਟਫਾਰਮ ਉਤੇ ਗੱਲ ਸਾਂਝੀ ਕਰਿਆ ਕਰਨ। ਪਰ ਕੱਲ੍ਹ ਨਵਜੋਤ ਸਿੱਧੂ ਦੇ ਦੋ ਸਲਾਹਕਾਰਾਂ ਨੂੰ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਗੰਭੀਰ ਮਾਮਲਿਆਂ ਉਤੇ ਟਿੱਪਣੀਆਂ ਕਰਨ ਤੋਂ ਤਾੜਨਾ ਦਾ ਬਿਆਨ ਖੁਦ ਹੀ ਕੈਪਟਨ ਨੇ ਜਨਤਕ ਤੌਰ ਉਤੇ ਦਾਗ ਦਿੱਤਾ ਜਿਸ ਬਾਰੇ ਬਿਨਾਂ ਕੋਈ ਸਮਾਂ ਬਰਬਾਦ ਕਰਦਿਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਪਟਨ ਨੂੰ ਪਾਰਟੀ ਦਾ ਜਾਬਤਾ ਕਾਇਮ ਰੱਖਣ ਦੀ ਨਸੀਹਤ ਦੇ ਦਿੱਤੀ।

ਉਪਰ ਪੈਦਾ ਹੋਏ ਵਿਵਾਦਾਂ ਦੇ ਨਾਲ ਹੁਣ ਇਕ ਹੋਰ ਵੱਡਾ ਸਵਾਲ ਜਲੰਧਰ ਵਿੱਚ ਸ਼ੁਰੂ ਹੋਏ ਕਿਸਾਨ ਧਰਨੇ ਨੇ ਸਾਹਮਣੇ ਲਿਆਂਦਾ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਪੰਜਾਬ ’ਚ ਕਿਸਾਨ ਅੰਦੋਲਨ ਭਖਾਉਣ ਦੀ ਰਾਜਨੀਤੀ ਤਾਂ ਨਹੀਂ ਕਰ ਰਹੇ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਇਹ ਗੱਲ ਭਲੀਭਾਂਤ ਸਮਝ ਚੁੱਕੇ ਹਨ ਕਿ ਕਾਂਗਰਸ ਹਾਈਕਮਾਂਡ ਵੱਲੋਂ ਉਹ 2022 ਦੀਆਂ ਚੋਣਾਂ ’ਚ ਮੁੱਖ ਮੰਤਰੀ ਦੇ ਉਮੀਦਵਾਰ ਨਹੀਂ ਹੋਣਗੇ। ਕੇਂਦਰੀ ਹਾਈਕਮਾਂਡ ਵੱਲੋਂ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਦੀ ਕੈਪਟਨ ਵਿਰੋਧੀ ਜੋੜੀ ਨੂੰ ਅੱਗੇ ਲਾਉਣਾ, ਕੈਪਟਨ ਧੜੇ ਤੋਂ ਬਾਹਰਲੇ ਚਾਰ ਪ੍ਰਧਾਨ ਅਤੇ ਚਾਰ ਸਲਾਹਕਾਰਾਂ ਦੀ ਨਿਯੁਕਤੀ ਨੂੰ ਚੁੱਪ ਚਪੀਤੇ ਸਹਿਮਤੀ ਦੇਣਾ ਅਜਿਹੇ ਫੈਸਲੇ ਹਨ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਮੱਥਾ ਠਣਕਾਅ ਦਿੱਤਾ ਹੈ ।

ਪੰਜਾਬ ਵਿੱਚ ਪੈਦਾ ਹੋਏ ਸਿਆਸੀ ਮਾਹੌਲ ਵਿੱਚ ਹੁਣ ਜੇਕਰ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਹਾਈਕਮਾਂਡ ਦੇ 18 ਨੁਕਤੀ ਏਜੰਡੇ ਤੇ ਕੰਮ ਕਰਕੇ ਕੋਈ ਕ੍ਰਿਸ਼ਮਈ ਕੰਮ ਕਰ ਵੀ ਦੇਣ ਤਾਂ ਵੀ ਹੁਣ ਉਹ ਕੈਪਟਨ ਦੀ ਥਾਂ ਨਵਜੋਤ ਸਿੱਧੂ ਦੇ ਖਾਤੇ ’ਚ ਹੀ ਪਵੇਗਾ।ਫਿਰ ਕੀ ਕੈਪਟਨ ਅਮਰਿੰਦਰ ਸਿੰਘ ਅਜਿਹਾ ਚਾਹੁਣਗੇ? ਹਰਗਿਜ਼ ਨਹੀਂ? ਇਸ ਤੋਂ ਉਲਟ ਹੁਣ ਉਹ ਸਿਰਫ ਉਹੀ ਕੰਮ ਕਰਨਗੇ ਜੋ ਨਵਜੋਤ ਸਿੰਘ ਸਿੱਧੂ ਲਈ ਮੁਸੀਬਤ ਪੈਦਾ ਕਰੇ। ਪੰਜਾਬ ਵਿੱਚ ਸ਼ੁਰੂ ਹੋਏ ਕਿਸਾਨ ਅੰਦੋਲਨ ਨੂੰ ਸਿਆਸੀ ਮਾਹਰ ਇਸੇ ਨਜ਼ਰ ਨਾਲ ਦੇਖ ਰਹੇ ਹਨ। ਸੁਖਜਿੰਦਰ ਸਿੰਘ ਰੰਧਾਵਾ ਤੇ ਨਵਜੋਤ ਸਿੰਘ ਸਿੱਧੂ ਨੂੰ ਬਦਨਾਮ ਕਰਨ ਲਈ ਗੰਨੇ ਦੇ ਭਾਅ ਦਾ ਮਸਲਾ ਅਜਿਹਾ ਹੈ ਕਿ ਜੇਕਰ ਇਹ ਥੋੜਾ ਲਮਕਦਾ ਹੈ ਤਾਂ ਕਾਂਗਰਸ ਦੀ ਹਾਲਤ ਹੋਰ ਪਤਲੀ ਹੋ ਜਾਵੇਗੀ। ਕਾਂਗਰਸ ਜੇ ਚਾਹੁੰਦੀ ਤਾਂ ਪੰਜਾਬ ਦੀਆਂ ਵੋਟਾਂ ਵਿੱਚ ਸਭ ਤੋਂ ਵੱਡੀ ਧਿਰ ਕਿਸਾਨੀ ਦਾ ਮਸਲਾ ਸਹੀ ਢੰਗ ਨਾਲ ਹੱਲ ਕਰਕੇ ਆਉਣ ਵਾਲੀਆਂ ਚੋਣਾਂ ’ਚ ਕਿਸਾਨਾਂ ਦੀ ਵਾਹ-ਵਾਹ ਖੱਟ ਸਕਦੀ ਸੀ, ਪਰ ਇਸਦਾ ਲਾਭ ਕੈਪਟਨ ਨੂੰ ਨਹੀਂ ਮਿਲਣਾ ਸੀ।

ਸਿਆਸੀ ਹਲਕੇ ਇਸ ਵਾਰ ਵੀ 2017 ਦੀਆਂ ਚੋਣਾਂ ਵਾਂਗ ਅਕਾਲੀ ਭਾਜਪਾ ਵੱਲੋਂ ਕਾਂਗਰਸ ਸਰਕਾਰ ਬਣਾਉਣ ਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਦੀ ਚੱਲੀ ਚਾਲ ਵੱਲ ਇਸ਼ਾਰਾ ਕਰ ਰਹੇ ਹਨ। ਇਸ ਵਾਰ ਇਹ ਰੋਲ ਸੁਖਬੀਰ ਬਾਦਲ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਕਰ ਸਕਦੇ ਹਨ। ਉਹ ਨਵਜੋਤ ਸਿੱਧੂ ਨੂੰ ਖਤਮ ਕਰਨ ਲਈ ਅਕਾਲੀ ਬਸਪਾ ਗਠਜੋੜ ਦੀ ਮਦਦ ਕਰ ਸਕਦੇ ਹਨ। ਪਿਛਲੀਆਂ ਚੋਣਾਂ ਵਾਂਗ ਇਸ ਵਾਰ ਅਕਾਲੀ, ਭਾਜਪਾ ਤੇ ਕੈਪਟਨ ਅਮਰਿੰਦਰ ਦੀ ਨਜ਼ਰ ਨਵਜੋਤ ਸਿੱਧੂ ਨੂੰ ਹਰਾਉਣਾ ਹੈ ਜਿਸ ਵਾਸਤੇ ਕੈਪਟਨ ਧੜਾ ਹੁਣ ਅੰਦਰ ਖਾਤੇ ਸੁਖਬੀਰ ਬਾਦਲ ਦੀ ਮਦਦ ਕਰ ਸਕਦਾ ਹੈ।