ਕਿਸਾਨ ਅੱਜ ਮਿਹਨਤ ਕਰਕੇ ਤੇ ਐਨੀ ਫਸਲ ਪੈਦਾ ਕਰਕੇ ਵੀ ਆਤਮ ਨਿਰਭਰ ਨਹੀਂ ਹੋ ਸਕਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਜੋ ਮਾੜੀ ਹਾਲਤ ਕਿਸਾਨੀ ਦੀ ਹੋਈ ਹੈ ਇਸ ਵਿੱਚ ਸਮੇਂ ਸਮੇਂ ਦੀਆਂ ਕੇਂਦਰ ਸਰਕਾਰਾਂ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਜਦੋਂ ਦੇਸ਼ ਵਿਚ ਅਨਾਜ ਦੀ ਥੁੜ ਸੀ ਤਾਂ ਕੇਂਦਰ ਸਰਕਾਰ ਨੇ ਉਸ ਵਕਤ ਜੋ ਨੀਤੀਆਂ ਲੈ ਕੇ ਆਦੀਆਂ ਉਹ ਕਿਸਾਨ ਮਾਰੂ ਸਾਬਤ ਹੋਈਆਂ, ਕਿਉਂਕਿ ਉਸ ਵਕਤ ਵੀ ਸਰਕਾਰਾਂ ਦੀ ਨੀਤੀ ਕਿਸਾਨ ਪੱਖੀ ਨਾਂ ਹੋ ਕੇ ਕੰਪਨੀਆਂ ਪੱਖੀ ਸੀ । ਸਰਕਾਰਾਂ ਨੇ ਕਿਸਾਨਾਂ ਨੂੰ ਖੇਤੀ ਸੈਕਟਰ ਵਾਸਤੇ ਟਰੈਕਟਰ, ਰੇਹਾਂ, ਸਪਰੇਹਾਂ, ਇੰਜਣ, ਆਦਿ ਲਈ ਕਿਸਾਨਾਂ ਨੂੰ ਵੱਡੀ ਪੱਧਰ ਤੇ ਕਰਜ਼ੇ ਦਿੱਤੇ। ਕਿਸਾਨਾਂ ਨੇ ਪੂਰੀ ਮਿਹਨਤ ਕਰ ਕੇ ਅਨਾਜ ਪੈਦਾ ਕੀਤਾ।

ਪਰ ਕਿਸਾਨਾਂ ਨੂੰ ਉਸਦੀ ਜਿਨਸ ਦਾ ਪੂਰਾ ਮੁੱਲ ਨਹੀਂ ਦਿੱਤਾ ਗਿਆ, ਨਤੀਜਾ ਕਿਸਾਨ ਕਰਜ਼ਾ ਚੁੱਕਦਾ ਗਿਆ ਅਤੇ ਅਨਾਜ਼ ਪੈਦਾ ਕਰਕੇ ਸਰਕਾਰਾਂ ਅਤੇ ਸ਼ਾਹੁਕਾਰਾਂ ਦੇ ਗੁਦਾਮ ਭਰਦਾ ਗਿਆ ਤੇ ਕਿਸਾਨ ਕਰਜ਼ੇ ਥੱਲੇ ਦੱਬਦਾ ਗਿਆ ਅਤੇ ਕਿਸਾਨ ਕਰਜ਼ਾਈ ਹੁੰਦਾ ਗਿਆ। ਦੂਜੇ ਪਾਸੇ ਕੰਪਨੀਆਂ ਮਾਲੋ-ਮਾਲ ਹੁੰਦੀਆਂ ਗਈਆਂ ਕਿਉਂਕਿ ਕੰਪਨੀਆਂ ਅਪਣੇ ਉਤਪਾਦਨ ਦਾ ਮੁੱਲ ਆਪ ਤੈਅ ਕਰਦੀਆਂ ਹਨ ਜਿਸ ਕਰਕੇ ਉਹ ਅਥਾਹ ਮੁਨਾਫ਼ਾ ਕਮਾਉਂਦੀਆਂ ਹਨ।

ਜਦੋਂ ਕਿ ਕਿਸਾਨਾਂ ਦੇ ਉਤਪਾਦਨ ਦਾ ਮੁੱਲ ਸਰਕਾਰਾਂ ਤੈਅ ਕਰਦੀਆਂ ਹਨ ਜੋ ਕਿਸਾਨ ਦੇ ਉਤਪਾਦਨ ਦੀ ਲਾਗਤ ਮੁੱਲ ਵੀ ਪੂਰੀ ਨਹੀਂ ਕਰਦੀਆਂ । ਕਿਸਾਨਾਂ ਨੇ ਕਿਹਾ ਕਿ ਕਿਸਾਨ ਅੱਜ ਮਿਹਨਤ ਕਰਕੇ ਅਤੇ ਐਨੀ ਜਿਸਨ ਪੈਦਾ ਕਰਕੇ ਵੀ ਆਤਮ ਨਿਰਭਰ ਨਹੀਂ ਹੋ ਸਕਿਆ। ਅੱਜ ਵੀ ਕਿਸਾਨ ਚਾਹੇ ਉਸਦੇ ਬੱਚਿਆਂ ਦਾ ਵਿਆਹ ਹੋਵੇ, ਚਾਹੇ ਬੱਚਿਆਂ ਦੀ ਪੜਾਈ, ਚਾਹੇ ਕਿਸੇ ਬਿਮਾਰੀ ਸਮੇਂ ਕਿਸਾਨ ਨੂੰ ਸਰਕਾਰਾਂ ਜਾਂ ਸ਼ਾਹੂਕਾਰਾਂ ਤੋਂ ਕਰਜਾ ਚੁਕਣਾ ਪੈਂਦਾ ਹੈ, ਇਹ ਸਭ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਹੀ ਸਿੱਟਾ ਹੈ। ਉਨ੍ਹਾਂ ਕਿਹਾ ਕਿ ਹੁਣ ਮੌਜੂਦਾ ਸਰਕਾਰ ਇਸ ਤੋਂ ਵੀ ਅੱਗੇ ਲੰਘ ਗਈ ਹੈ, ਉਹ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕੰਪਨੀਆਂ ਹਵਾਲੇ ਕਰਨ ਦੀਆਂ ਨੀਤੀਆਂ ਬਣਾਈ ਬੈਠੀ ਹੈ।

ਜਿਸ ਨੂੰ ਜੁਝਾਰੂ ਕਿਸਾਨ ਕਦੇ ਵੀ ਸਫ਼ਲ ਨਹੀਂ ਹੋਣ ਦੇਣਗੇ, ਅਪਣੇ ਹੱਕਾਂ ਦੇ ਸੰਘਰਸ਼ ਦੀ ਲੜਾਈ ਵਿਚੋਂ ਜੇਤੂ ਹੋ ਕੇ ਮੁੜਨਗੇ। ਇਸ ਮੌਕੇ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਬੀਕੇਯੂ ਉਗਰਾਹਾ ਜਥੇਬੰਦੀ ਇੱਕ ਅਜਿਹੀ ਜਥੇਬੰਦੀ ਹੈ ਜਿਸ ਵਿੱਚ ਔਰਤਾਂ ਦੀ ਵੱਡੀ ਗਿਣਤੀ ਦੀ ਸ਼ਮੂਲੀਅਤ ਹੈ ।ਜੋ ਆਪਣੇ ਹੱਕਾਂ ਲਈ ਕਿਸਾਨ ਵੀਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਭਰਾਵਾਂ ਦੇ ਨਾਲ ਭਰਪੂਰ ਸਹਿਯੋਗ ਕਰ ਰਹੀਆਂ ਹਨ, ਅਤੇ ਦਿੱਲੀ ਦੇ ਬਾਡਰਾਂ ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸਭ ਤੋਂ ਵੱਧ ਬੀਕੇਯੂ ਉਗਰਾਹਾਂ ਦੇ ਵਿਚ ਕਰੀਬ 80 ਹਜ਼ਾਰ ਔਰਤਾਂ ਇਸ ਵਕਤ ਸ਼ਮੂਲੀਅਤ ਕਰ ਰਹੀਆਂ ਹਨ।

ਜੋ ਜਥੇਬੰਦੀ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ, ਜਿਸ ਔਰਤ ਨੂੰ ਸਿਰਫ ਚੁੱਲ੍ਹਾ-ਚੌਂਕਾ ਕਰਨ ਵਾਲੀ ਹੀ ਸਮਝਿਆ ਜਾਂਦਾ ਸੀ ਅੱਜ ਉਹਨਾਂ ਔਰਤਾਂ ਦੀ ਲਲਕਾਰ ਹਾਕਮਾਂ ਨੂੰ ਕੰਬਣੀਆਂ ਛੇੜ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਥੇਬੰਦੀ ਦੀ ਇਹ ਸੋਚ ਹੈ ਕਿ ਔਰਤਾਂ ਨੂੰ ਬਰਾਬਰ ਅਗਵਾਈ ਕਰਨ ਦੇ ਮੌਕੇ ਦਿੱਤੇ ਜਾਣ, ਜਿਸ ਤਹਿਤ ਪਹਿਲਾਂ ਹੀ ਬਠਿੰਡਾ,ਸੰਗਰੂਰ ,ਬਰਨਾਲਾ ,ਮੋਗਾ ,ਪਟਿਆਲਾ, ਜ਼ਿਲਿਆਂ ਵਿੱਚ ਔਰਤਾਂ ਅਗਵਾਈ ਕਰ ਰਹੀਆਂ ਹਨ ਹੁਣ ਇਸ ਔਰਤ ਵਿੰਗ ਦਾ ਹੋਰ ਵਿਸਥਾਰ ਕਰਦੇ ਹੋਏ ਮਾਨਸਾ ਜ਼ਿਲ੍ਹੇ ਵਿੱਚ ਵੀ ਔਰਤਾਂ ਨੂੰ ਅਗਵਾਈ ਦੀ ਕਮਾਨ ਸੌਂਪੀ ਜਾ ਰਹੀ ਹੈ।

ਇਸ ਮੌਕੇ ਬੁਢਲਾਡਾ ਬਲਾਕ ਦੀ ਚੋਣ ਵਿੱਚ, ਪ੍ਰਧਾਨ ਪਲਵਿੰਦਰ ਕੌਰ ਬੱਛੋਆਣਾ,ਮੀਤ ਪ੍ਰਧਾਨ, ਸੁਖਵਿੰਦਰ ਕੌਰ ਕਣਕਵਾਲ ਚਹਿਲਾਂ,ਸਿਨੀਅਰ ਮੀਤ ਪ੍ਰਧਾਨ ਜਸਵੀਰ ਕੌਰ ਦੋਦੜਾ,ਜਰਨਲ ਸਕੱਤਰ ਜੋਤੀ ਕੌਰ ਭਾਦੜਾ, ਖਜਾਨਚੀ ਮਲਕੀਤ ਕੌਰ ਕੁਲਾਣਾ, ਪ੍ਰੈਸ ਸਕੱਤਰ ਅੰਗਰੇਜ਼ ਕੌਰ ਬੱਛੋਆਣਾ, ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਤਰ੍ਹਾਂ ਹੀ ਬਰੇਟਾ ਬਲਾਕ ਦੀ, ਪ੍ਰਧਾਨ ਸਰੋਜ ਕੌਰ,ਜਰਨਲ ਸਕੱਤਰ ਜਸਵਿੰਦਰ ਕੌਰ ਬਹਾਦਰਪੁਰ,ਮੀਤ ਪ੍ਰਧਾਨ ਕਰਮਜੀਤ ਕੌਰ ਖੁਡਾਲ,ਸਿਨੀਅਰ ਮੀਤ ਪ੍ਰਧਾਨ ਸੁਖਵੰਤ ਕੌਰ ਅਕਬਰਪੁਰ ਖੁਡਾਲ, ਪ੍ਰੈੱਸ ਸਕੱਤਰ ਸਤਵੀਰ ਕੌਰ ਖੁਡਾਲ, ਖਜਾਨਚੀ ਸੁਖਪਾਲ ਕੌਰ ਸੇਖੁਪੁਰ, ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।

ਮੀਟਿੰਗ ਸਮਾਪਤੀ ਮੌਕੇ ਨਵਨਿਯੁਕਤ ਬੁਢਲਾਡਾ ਬਲਾਕ ਪ੍ਰਧਾਨ ਪਲਵਿੰਦਰ ਕੌਰ ਬੱਛੋਆਣਾ ਨੇ ਕਿਹਾ ਇਲਾਕੇ ਭਰ ਵਿੱਚ ਔਰਤਾਂ ਨੂੰ ਲਾਮਬੰਦ ਕਰਕੇ ਇਸ ਸੰਘਰਸ਼ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ।