ਕੀ ਕਿਸਾਨਾਂ ਦਾ ਮੋਰਚਾ ਸਮਾਪਤ ਹੋਵੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਇਕ ਅਹਿਮ ਮੀਟਿੰਗ ਹੋਈ। ਦੱਸਣਾ ਬਣਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਗੰਨਾ ਕਾਸ਼ਤਕਾਰ ਕਿਸਾਨ ਜਲੰਧਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਕਿਸਾਨਾਂ ਦੇ ਨਾਲ ਹੁਣ ਤਕ ਸਰਕਾਰ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ।

ਅੱਜ ਦੀ ਮੀਟਿੰਗ ਜੋ ਸਰਕਾਰ ਦੇ ਨਾਲ ਕਿਸਾਨਾਂ ਦੀ ਹੋਈ, ਉਸ ਮੀਟਿੰਗ ਵਿੱਚ ਸਰਕਾਰ ਕਿਸਾਨਾਂ ਦੇ ਅੱਗੇ ਚੁੱਕਦੀ ਹੋਈ ਨਜ਼ਰੀਂ ਆਈ। ਕਿਸਾਨਾਂ ਦੇ ਵੱਲੋਂ ਜੋ ਆਪਣੀਆਂ ਮੰਗਾਂ ਤੋਂ ਇਲਾਵਾ ਗੰਨੇ ਦੀ ਕਾਸ਼ਤ ਤੋਂ ਲੈ ਕੇ ਲਾਗਤ ਤਕ ਖਰਚਾ ਸੀ ਉਹ ਸਰਕਾਰ ਨੂੰ ਦੱਸਿਆ ਗਿਆ ਤਾਂ ਸਰਕਾਰ ਵੀ ਹੈਰਾਨ ਸੀ ਕਿ ਇਨਾ ਖ਼ਰਚਾ ਕਰਕੇ ਕਿਸਾਨ ਬਚਾਉਂਦੇ ਕੀ ਹੋਣਗੇ? ਕਿਸਾਨਾਂ ਦੁਆਰਾ ਜੋ ਮੰਗਾਂ ਰੱਖੀਆਂ ਗਈਆਂ, ਉਨ੍ਹਾਂ ਨੂੰ ਸਰਕਾਰ ਨੇ ਚੰਗੀ ਤਰ੍ਹਾਂ ਵਿਚਾਰਿਆ ਅਤੇ ਇਸ ਨੂੰ ਲੈ ਕੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਨਾਲ ਚੰਡੀਗਡ਼੍ਹ ਵਿਖੇ ਮੀਟਿੰਗ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਨੂੰ ਹੋਣ ਵਾਲੀ ਮੀਟਿੰਗ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਲਈ ਕੋਈ ਵੱਡਾ ਫ਼ੈਸਲਾ ਲੈ ਸਕਦੀ ਹੈ। ਦੂਜੇ ਪਾਸੇ ਕਿਸਾਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਵੱਲੋਂ ਜੋ ਭਲਕੇ ਮੰਗਲਵਾਰ ਨੂੰ ਚੱਕਾ ਜਾਮ ਕਰਨ ਦਾ ਅੈਲਾਨ ਕੀਤਾ ਸੀ, ਉਸ ਐਲਾਨ ਨੂੰ ਵਾਪਸ ਲੈਂਦੇ ਹਨ ਅਤੇ ਜੇਕਰ ਕੱਲ੍ਹ ਦੀ ਮੀਟਿੰਗ ਵਿਚ ਕੋਈ ਮਸਲਾ ਹੱਲ ਨਹੀਂ ਹੁੰਦਾ, ਤਾਂ ਉਹ ਅਗਾਮੀ ਦਿਨਾਂ ਦੇ ਵਿਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਾਸਤੇ ਮਜਬੂਰ ਹੋਣਗੇ।

ਖ਼ਬਰ ਲਿਖੇ ਜਾਣ ਤੱਕ ਮੀਟਿੰਗ ਖ਼ਤਮ ਹੋ ਚੁੱਕੀ ਸੀ ਅਤੇ ਕਿਸਾਨ ਆਗੂਆਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਜਾ ਰਹੀ ਸੀ।