ਰੱਖੜੀ ਦੇ ਤਿਉਹਾਰ ਮੌਕੇ ਸੜਕਾਂ 'ਤੇ ਹੋਵੇਗੀ ਪੜ੍ਹੀ ਲਿਖੀ ਜਮਾਤ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਿੱਖਿਆ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ । ਸਰਕਾਰ ਵੱਲੋਂ ਵਾਰ ਵਾਰ ਉਹਨਾਂ ਦੀ ਜ਼ਾਇਜ ਮੰਗ ਨੂੰ ਅੱਖੋਂ ਪਰੋਖੇ ਕਰਨ ਕਰਕੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵਿੱਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਆਪਣੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕਣ ਲਈ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਦੀ ਸੂਬਾ ਕਮੇਟੀ ਦੀ ਬਠਿੰਡਾ ਵਿਖੇ ਹੋਈ ਮੀਟਿੰਗ ਵਿੱਚ 22 ਅਗਸਤ ਨੂੰ ਰੱਖੜੀ ਦੇ ਤਿਉਹਾਰ ਵਾਲੇ ਦਿਨ ਪਟਿਆਲੇ ਵਿਖੇ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰ ਕੇ ਉੱਥੇ ਹੀ ਇਹ ਤਿਉਹਾਰ ਮਨਾਉਣ ਦਾ ਐਲਾਨ ਕੀਤਾ ਅਤੇ ਫ਼ੈਸਲਾ ਕੀਤਾ ਕਿ ਜਦੋਂ ਤੱਕ ਉਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ ਉਹ ਘਰ ਵਾਪਸ ਨਹੀਂ ਪਰਤਣਗੇ।

ਪੰਜਾਬ ਦੇ ਕੁੱਲ 10 ਮੈਰੀਟੋਰੀਅਸ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਪੀ.ਐਚ.ਡੀ., ਐਮ.ਫ਼ਿਲ., ਯੂ.ਜੀ.ਸੀ.(ਨੈੱਟ) ਪਾਸ ਅਤੇ ਗੋਲਡ ਮੈਡਲਿਸਟ ਅਧਿਆਪਕ ਸਰਕਾਰੀ ਨਿਯਮਾਂ ਅਨੁਸਾਰ ਭਰਤੀ ਹੋ ਕੇ ਪਿਛਲੇ 7 ਸਾਲਾਂ ਤੋਂ ਠੇਕੇ ਦੀ ਨੌਕਰੀ ਦਾ ਸੰਤਾਪ ਹੰਢਾ ਰਹੇ ਹਨ । ਪੰਜਾਬ ਸਰਕਾਰ ਵੱਲੋਂ 2018 ਵਿੱਚ ਐਸ.ਐਸ.ਏ./ਰਮਸਾ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ ਬਣਾਈ ਪਾਲਿਸੀ ਅਧੀਨ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਤੋਂ ਵੀ ਰੈਗੂਲਰ ਹੋਣ ਲਈ ਆਪਸ਼ਨ ਕਲਿੱਕ ਕਰਵਾਈ ਗਈ ਸੀ।

ਪਰ ਸਰਕਾਰ ਵੱਲੋਂ ਇਸ ਪਾਲਿਸੀ ਰਾਹੀਂ ਐਸ.ਐਸ.ਏ./ਰਮਸਾ ਦੇ 8886 ਅਧਿਆਪਕਾਂ ਨੂੰ ਤਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰ ਦਿੱਤਾ ਗਿਆ ਪਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨਾਲ ਸ਼ਰੇਆਮ ਧੋਖ਼ਾ ਕਰਦੇ ਹੋਏ ਇਸ ਪਾਲਿਸੀ ਅਧੀਨ ਕਲਿੱਕ ਕਰਵਾ ਕੇ ਵੀ ਰੈਗੂਲਰ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਵਿੱਚ ਬਹੁ ਗਿਣਤੀ ਮਹਿਲਾ ਅਧਿਆਪਕਾਂ ਦੀ ਹੈ ਅਤੇ ਸਾਰੀਆਂ ਮਹਿਲਾਂ ਅਧਿਆਪਕਾਵਾਂ 22 ਅਗਸਤ ਨੂੰ ਰੱਖੜੀ ਦਾ ਤਿਉਹਾਰ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਪਟਿਆਲੇ ਮੋਤੀ ਮਹਿਲ ਘੇਰਦੇ ਹੋਏ ਸਰਕਾਰ ਦਾ ਪਿੱਟ ਸਿਆਪਾ ਕਰਕੇ ਮਨਾਉਣਗੀਆਂ।

ਯੂਨੀਅਨ ਦੇ ਸੂਬਾ ਆਗੂ ਕੁਲਵਿੰਦਰ ਸਿੰਘ ਬਾਠ ਨੇ ਕਿਹਾ ਕਿ ਉਹ ਆਪਣੇ ਰੁਜ਼ਗਾਰ ਦੀ ਖ਼ਾਤਰ ਇਸ ਵਾਰ ਆਰ ਜਾਂ ਪਾਰ ਦੀ ਲੜਾਈ ਲੜਨਗੇ ਤੇ ਘਰ ਵਾਪਸੀ ਉਦੋਂ ਹੀ ਹੋਵੇਗੀ ਜਦੋਂ ਤੱਕ ਉਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕਰ ਦਿੱਤਾ ਜਾਂਦਾ।