ਸਰਕਾਰੀ ਸਕੂਲਾਂ ਤੋਂ ਬਾਅਦ ਕਾਲਜਾਂ ਨੂੰ ਨਿੱਜੀ ਹੱਥਾਂ 'ਚ ਦੇਣ ਤੁਰੀ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵੱਲੋਂ ਕੀਤੇ ਗਏ ਫੀਸਾਂ ਵਿੱਚ ਵਾਧੇ ਖਿਲਾਫ ਅਤੇ ਕੁਝ ਹੋਰ ਲੋਕਲ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਕੇ ਐਸ ਡੀ ਐਮ ਬਾਘਾਪੁਰਾਣਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਇਲਾਕਾ ਆਗੂ ਕਮਲਦੀਪ ਕੌਰ ਬਾਘਾ ਪੁਰਾਣਾ ਨੇ ਕਿਹਾ ਕਿ ਗੁਰੂ ਨਾਨਕ ਕਾਲਜ ਰੋਡੇ ਵੱਲੋਂ ਫੀਸਾਂ ਦੇ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ, ਜੋ ਕਿ ਸਰਾਸਰ ਲੁੱਟ ਹੈ ਅਤੇ ਗੈਰ ਕਾਨੂੰਨੀ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਕਾਲਜ ਰੋਡੇ ਵਿਖੇ ਨਾ ਹੀ ਅੰਗਰੇਜੀ ਵਿਸ਼ੇ ਦਾ ਕੋਈ ਪ੍ਰੋਫੈਸਰ ਹੈ।

ਉਹਨਾਂ ਮੰਗ ਕੀਤੀ ਕਿ ਐੱਸ ਸੀ ਵਿਦਿਆਰਥੀਆਂ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਬਿਨਾਂ ਪੀਟੀਏ ਤੋਂ ਦਾਖਲੇ ਲਏ ਜਾਣ ਅਤੇ ਨਾਲ ਹੀ ਜਰਨਲ ਵਿਦਿਆਰਥੀਆਂ ਦੇ ਵੀ ਘੱਟ ਤੋਂ ਘੱਟ ਪੀਟੀਏ ਨਾਲ ਦਾਖਲੇ ਲਏ ਜਾਣ। ਉਹਨਾਂ ਕਿਹਾ ਕਿ ਸਿੱਖਿਆ ਦਾ ਸੰਕਟ ਇਹਨਾਂ ਵੱਡਾ ਹੈ ਕਿ ਹਰੇਕ ਵਿਦਿਅੱਕ ਸੰਸਥਾਵਾਂ ਨੂੰ ਪ੍ਰਾਈਵੇਟ ਹੱਥਾਂ ਚ ਸੌਪਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਵਿੱਦਿਅਕ ਸੰਸਥਾਵਾਂ ਦਾ ਉਜਾੜਾ ਕਰਨ 'ਤੇ ਤੁਲੀ ਹੋਈ ਹੈ। ਅੱਜ 98% ਅਦਾਰੇ ਪ੍ਰਾਈਵੇਟ ਕੀਤੇ ਜਾ ਚੁੱਕੇ ਹਨ। ਤੇ ਰਹਿੰਦੇ ਅਦਾਰਿਆਂ ਨੂੰ ਵੀ  ਪ੍ਰਾਈਵੇਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਔਰ ਦੂਜੇ ਪਾਸੇ ਕਾਲਜ ਪ੍ਰਸ਼ਾਸਨ ਵੀ ਮੋਟੀ ਫੀਸ ਮੰਗ ਕੇ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਕਾਲਜ ਦੇ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਦੀ ਅਸਾਮੀ ਭਰੀ ਜਾਵੇ।

ਗੁਰੂ ਨਾਨਕ ਕਾਲਜ ਰੋਡੇ ਦਾ ਪ੍ਰੀਖਿਆ ਸੈਂਟਰ ਵਾਪਿਸ ਲਿਆਂਦਾ ਜਾਵੇ। ਉਹਨਾਂ ਅਖੀਰ ਵਿੱਚ ਇਹ ਵੀ ਕਿਹਾ ਕਿ ਜੇ ਇਹਨਾਂ ਮੰਗਾਂ ਨੂੰ  ਪੂਰਾ ਨਾ ਕੀਤਾ ਗਿਆ ਤਾਂ ਮਜਬੂਰਨ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਜਸਪ੍ਰੀਤ ਰਾਜੇਆਣਾ ਨੇ ਨਿਭਾਈ।