ਅਧਿਆਪਕਾਂ ਨੇ ਪੜ੍ਹਨੇ ਪਾਈ ਪੰਜਾਬ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅਧਿਆਪਕਾਂ ਦਾ ਅੰਦੋਲਨ ਪੰਜਾਬ ਦੀ ਕੈਪਟਨ ਸਰਕਾਰ ਦੇ ਖਿਲਾਫ਼ ਲਗਾਤਾਰ ਜਾਰੀ ਹੈ। ਅਧਿਆਪਕ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਨਾਲ ਜੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਨੇ ਵਾਅਦਾ ਕੀਤਾ ਸੀ, ਉਹਨੂੰ ਪੂਰਾ ਕੀਤਾ ਜਾਵੇ। ਪਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁਕਰ ਰਹੀ ਹੈ, ਜਿਸ ਦੇ ਕਾਰਨ ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਧਿਆਪਕਾਂ ਨੇ ਇਸ ਵਾਰ ਆਜ਼ਾਦੀ ਦਿਹਾੜੇ ਤੋਂ ਦੋ ਦਿਨ ਮਗਰੋਂ ਵੱਡਾ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। 

ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੱਦੇ ਨੂੰ ਲਾਗੂ ਕਰਨ ਲਈ ਫਰੰਟ ਦੀ ਜਿਲ੍ਹਾ ਇਕਾਈ ਬਠਿੰਡਾ ਨੇ 17 ਅਗਸਤ ਨੂੰ ਬਠਿੰਡਾ ਜਿਲ੍ਹਾ ਹੈਡਕੁਆਟਰ ਤੇ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਦੀਆਂ ਅਰਥੀਆਂ ਫੂਕਣ ਦੇ ਐਕਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੂਬਾ ਆਗੂ ਰੇਸ਼ਮ ਸਿੰਘ, ਵਿਕਾਸ ਗਰਗ ਰਾਮਪੁਰਾ ਅਤੇ ਜਗਦੀਸ਼ ਕੁਮਾਰ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਨੇ ਛੇਵੇਂ ਪੇਅ ਕਮਿਸਨ ਦੀ ਰਿਪੋਰਟ ਰਾਹੀਂ ਪੰਜਾਬ ਦੇ ਮੁਲਾਜਮਾਂ ਨੂੰ ਪਹਿਲਾਂ ਤੋਂ ਹੀ ਮਿਲ ਰਹੀਆਂ ਤਨਖਾਹਾਂ ਤੇ ਭੱਤਿਆਂ ਤੇ ਕੱਟ ਲਾਉਣ ਦੀ ਵਿਉਂਤਬੰਦ ਕੀਤੀ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਚੋਣ ਵਾਅਦੇ ਤੋਂ ਭੱਜਣ ਜਾ ਰਹੀ ਹੈ।

ਫਰੰਟ ਦੇ ਆਗੂ ਬਲਜਿੰਦਰ ਸਿੰਘ ,ਅਨਿਲ ਭੱਟ ਅਤੇ ਬਿਕਰਮਜੀਤ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਦੀ ਦੋਸ਼ਪੂਰਣ ਬਦਲੀ ਨੀਤੀ ਕਰਕੇ ਹਜਾਰਾਂ ਅਧਿਆਪਕਾਂ ਨੂੰ ਡੀ-ਬਾਰ ਕਰਨ ਦੇ ਤਾਨਾਸ਼ਾਹੀ ਫੁਰਮਾਨ ਕਾਰਨ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿਛਲੇ ਲੰਬੇ ਸਮੇਂ ਅਧਿਆਪਕ 250-300 ਕਿਲੋਮੀਟਰ ਦੀ ਦੂਰੀ ‘ਤੇ ਸੇਵਾਵਾਂ ਨਿਭਾਉਣ ਲਈ ਮਜਬੂਰ ਹਨ । ਸੂਬਾ ਸਰਕਾਰ ਉਹਨਾਂ ਦੀਆਂ ਬਦਲੀਆਂ ਪ੍ਰਤੀ ਸੁਹਿਰਦ ਨਹੀਂ ਹੈ।

ਜਿਲ੍ਹਾ ਆਗੂ ਹਰਜੀਤ ਸਿੰਘ ਅਤੇ ਰਾਜਇਕਬਾਲ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀਆਂ ਤਰੱਕੀਆਂ ਦਾ ਮਸਲਾ ਠੰਢੇ ਬਸਤੇ ਵਿੱਚ ਪਾਇਆ ਹੋਇਆ ਹੈ। ਜਿਲ੍ਹਾ ਆਗੂ ਜਗਸੀਰ ਸਿੰਘ ਢਿੱਲੋਂ ਅਤੇ ਪਰਵਿੰਦਰ ਸਿੰਘ ਨੇ ਚੇਤਾਵਨੀ ਦਿੱਤੀ ਕਿਹਾ ਕਿ ਇੰਨ੍ਹਾਂ ਮਸਲਿਆਂ ਤੋਂ ਇਲਾਵਾ ਵੱਖ ਵੱਖ ਮਸਲੇ ਹੱਲ ਕਰਵਾਉਣ ਲਈ ਸੰਘਰਸ਼ ਦੀ ਨੀਤੀ ਤਹਿਤ ਜਿਲ੍ਹਾ ਪੱਧਰ ਤੇ 17 ਅਗਸਤ ਨੂੰ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਪੁਤਲੇ ਸਾੜੇ ਜਾਣਗੇ ਜਦੋਂਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਉਪਰੰਤ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।