ਜੇਕਰ ਹੁਣ ਸਕੂਲ ਬੰਦ ਹੋਏ ਤਾਂ, ਪੰਜਾਬ ਬੰਦ ਹੋਵੇਗਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਮੌਜੂਦਾ ਦੌਰ ਦੇ ਵਿੱਚ ਸਕੂਲ ਤਾਂ ਖੁੱਲ ਰਹੇ ਹਨ, ਬੱਚੇ ਵੀ ਸਕੂਲਾਂ ਵਿੱਚ ਪੜ੍ਹਨ ਆ ਰਹੇ ਹਨ, ਪਰ ਬੱਚਿਆਂ ਨੂੰ ਪੜ੍ਹਾਇਆ ਘੱਟ ਜਾ ਰਿਹਾ ਅਤੇ ਕੋਰੋਨਾ ਟੈੱਸਟ ਜ਼ਿਆਦਾ ਕੀਤੇ ਜਾ ਰਹੇ ਹਨ। ਹਾਲਾਤ ਇਹ ਹਨ ਕਿ, ਉੱਨੇ ਤਾਂ ਬੱਚਿਆਂ ਦੇ ਸਕੂਲ ਦੇ ਅੰਦਰ ਵੱਖ ਵੱਖ ਵਿਸ਼ਿਆਂ ਦੇ ਟੈੱਸਟ ਨਹੀਂ ਲਏ ਜਾ ਰਹੇ, ਜਿੰਨੇ ਕੋਰੋਨਾ ਟੈੱਸਟ ਲਏ ਜਾ ਰਹੇ ਹਨ।

ਕੁੱਝ ਦਿਨ ਪਹਿਲਾਂ ਖੁੱਲ੍ਹੇਂ ਸਕੂਲ ਕੋਰੋਨਾ ਦਾ ਬਹਾਨਾ ਬਣਾ ਕੇ ਮੁੜ ਤੋਂ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦੁਆਰਾ ਸਕੂਲ ਖੋਲ੍ਹਣ ਤੋਂ ਪਹਿਲਾਂ ਇਹ ਗੱਲ ਆਖੀ ਹੀ ਨਹੀਂ ਸੀ ਗਈ ਕਿ, ਬੱਚਿਆਂ ਦੇ ਕੋਰੋਨਾ ਟੈੱਸਟ ਕੀਤੇ ਜਾਣਗੇ, ਪਰ ਸਕੂਲ ਖੁੱਲ੍ਹਦਿਆਂ ਹੀ, ਕੁੱਝ ਦਿਨਾਂ ਬਾਅਦ ਕੋਰੋਨਾ ਟੈੱਸਟ ਕਰਨ ਦੀ ਮੁਹਿੰਮ ਸਰਕਾਰੀ ਸਕੂਲਾਂ ਤੋਂ ਸ਼ੁਰੂ ਹੋ ਗਈ।

ਲੁਧਿਆਣਾ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਕੂਲ਼ਾਂ ਦੇ ਵਿਦਿਆਰਥੀ ਇਸ ਸਮੇਂ ਕੋਰੋਨਾ ਪਾਜ਼ੀਟਿਵ ਹਨ, ਦਾ ਕਹਿ ਕੇ ਸਕੂਲਾਂ ਨੂੰ 14/15 ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਹੁਣ, ਸਾਰੇ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ, ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਘੱਟ ਅਤੇ ਉਨ੍ਹਾਂ ਦੇ ਕੋਰੋਨਾ ਟੈੱਸਟ ਕਰਵਾਉਣ ਦਾ ਕੰਮ ਜ਼ਿਆਦਾ ਦਿੱਤਾ ਜਾ ਰਿਹਾ ਹੈ।

ਦੱਸਦੇ ਚੱਲੀਏ ਕਿ ਹਸਪਤਾਲਾਂ ਦੇ ਵਿੱਚ ਤਾਂ ਲੱਗਦੈ ਕਿ, ਜਗ੍ਹਾ ਦੀ ਕਮੀ ਹੈ, ਇਸੇ ਲਈ ਹੀ ਵਿਦਿਆਰਥੀਆਂ ਦੇ ਕੋਰੋਨਾ ਟੈੱਸਟ ਸਕੂਲਾਂ ਵਿੱਚ ਹੀ ਕੀਤੇ ਜਾ ਰਹੇ ਹਨ। ਇਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਿਵੇਂ ਹੀ ਆਪਣੇ ਉੱਚ ਅਧਿਕਾਰੀਆਂ ਦੇ ਨਿਰਦੇਸ਼ ਮਿਲਦੇ ਹਨ, ਉਹ ਫਟਾਫਟ ਬੱਚਿਆਂ ਦੇ ਕੋਰੋਨਾ ਟੈੱਸਟ ਕਰਨ ਲਈ ਕਹਿ ਦਿੰਦੇ ਹਨ।

ਸਰਕਾਰੀ ਹੁਕਮ ਦੇ ਮੁਤਾਬਿਕ, ਪੰਜਾਬ ਦੇ ਅੰਦਰ ਕਰੀਬ 10000 ਕੋਰੋਨਾ ਟੈੱਸਟ ਇਕੱਲੇ ਵਿਦਿਆਰਥੀਆਂ ਦੇ ਕਰਨ ਵਾਸਤੇ ਕਿਹਾ ਗਿਆ ਹੈ। ਇਸ ਦੇ ਹਿਸਾਬ ਨਾਲ ਕਿ, ਪੰਜਾਬ ਦੇ 10 ਹਜ਼ਾਰ ਪਰਿਵਾਰਾਂ ਦੇ ਵੀ ਕੋਰੋਨਾ ਟੈੱਸਟ ਵਿਦਿਆਰਥੀਆਂ ਦੇ ਨਾਲ ਹੀ ਹੋਣਗੇ, ਜੇਕਰ ਉਹ ਪਾਜ਼ੀਟਿਵ ਪਾਏ ਜਾਂਦੇ ਹਨ ਤਾਂ, ਪੰਜਾਬ ਨੂੰ ਮੁੜ ਤੋਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ