ਵਿੱਦਿਆ ਭਵਨ ਅੱਗੇ ਕੱਚੇ ਅਧਿਆਪਕਾਂ ਦਾ ਅੰਦੋਲਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਵਿੱਚ ਪੱਕੇ ਹੋਣ ਦੇ ਲਈ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਦੀਆਂ ਸਰਕਾਰ ਮੰਗਾਂ ਮੰਨੇਗੀ? ਇਹ ਸਵਾਲ ਇਸ ਲਈ ਕਰ ਰਹੇ ਹਾਂ, ਕਿਉਂਕਿ ਸਰਕਾਰ ਦੇ ਨੱਕ ਵਿੱਚ ਦਮ ਪਿਛਲੇ ਕੁੱਝ ਕੁ ਦਿਨਾਂ ਤੋਂ ਅਧਿਆਪਕਾਂ ਨੇ ਕੀਤਾ ਹੋਇਆ ਹੈ। ਜਿਸ ਪ੍ਰਕਾਰ ਅਧਿਆਪਕਾਂ ਦਾ ਅੰਦੋਲਨ ਵੱਧ ਰਿਹਾ ਹੈ, ਉਹਨੂੰ ਵੇਖ ਕੇ ਲੱਗਦਾ ਹੈ ਕਿ ਸਰਕਾਰ ਇਨ੍ਹਾਂ ਅਧਿਆਪਕਾਂ ਅੱਕੇ ਝੁਕ ਕੇ ਉਨ੍ਹਾਂ ਨੂੰ ਪੱਕਿਆ ਕਰ ਦੇਵੇਗੀ।

ਖ਼ੈਰ, ਕੱਲ੍ਹ ਸਿੱਖਿਆ ਸਕੱਤਰ ਪੰਜਾਬ ਦਫ਼ਤਰ ਅੱਗੇ 51 ਦਿਨਾਂ ਤੋਂ ਆਪਣੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਹਜ਼ਾਰਾਂ ਕੱਚੇ ਅਧਿਆਪਕਾਂ ਨੇ ਸਰਕਾਰ ਦੇ ਬੁੱਧਵਾਰ ਦੇ ਲਾਰਿਆਂ ਤੋਂ ਤੰਗ ਆ ਕੇ ਬੁੱਧਵਾਰ ਸਿੱਖਿਆ ਬੋਰਡ ਅਤੇ ਸਿਖਿਆ ਵਿਭਾਗ ਦੇ ਗੇਟਾਂ ਨੂੰ ਤਾਲੇ ਲਾ ਕੇ ਦਫਤਰਾਂ ਵਿੱਚ ਮੁਲਾਜ਼ਮਾਂ ਦਾ ਵੜਨਾ ਬੰਦ ਕਰ ਦਿੱਤਾ| ਇਸ ਮੌਕੇ ਪੁਲਸ ਅਤੇ ਧਰਨਾਕਾਰੀਆਂ ਵਿਚਕਾਰ ਆਪਸ ਵਿੱਚ ਧੱਕਾ-ਮੁੱਕੀ ਹੋਈ| ਅਧਿਆਪਕਾਂ ਦੇ ਹੌਸਲੇ ਬੁਲੰਦ ਰਹੇ ਤੇ ਕਈ ਲੇਡੀ ਅਧਿਆਪਕਾਂ ਵਾਰ-ਵਾਰ ਗੇਟਾਂ ‘ਤੇ ਚੜ੍ਹ ਕੇ ਅੰਦਰ ਜਾਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਨੂੰ ਪੁਲਸ ਨੇ ਅਸਫਲ ਬਣਾ ਦਿੱਤਾ|

ਇਸ ਮੌਕੇ ਇਕ ਅਧਿਆਪਕ ਦੀ ਦਸਤਾਰ ਵੀ ਲਹਿ ਗਈ ਤੇ ਕਈ ਮਹਿਲਾ ਅਧਿਆਪਕਾਂ ਦੇ ਖਿੱਚ-ਧੂਹ ਵਿੱਚ ਕੱਪੜੇ ਵੀ ਪਾਟ ਗਏ| ਪੁਲਸ ਵੱਲੋਂ ਧੱਕਾ ਮਾਰਨ ‘ਤੇ ਲੇਡੀ ਅਧਿਆਪਕ ਥੱਲੇ ਡਿੱਗ ਪਈ ਤੇ ਬੇਹੋਸ਼ ਹੋ ਗਈ| ਆਲਮ ਇਹ ਸੀ ਕਿ ਸਿੱਖਿਆ ਬੋਰਡ ਦੇ ਚੇਅਰਮੈਨ, ਮੀਤ ਪ੍ਰਧਾਨ ਸਮੇਤ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਗੇਟ ‘ਤੇ ਬਾਹਰ ਹੀ ਖੜ੍ਹੇ ਰਹੇ| ਬੋਰਡ ਦੇ ਚੇਅਰਮੈਨ ਡਾਕਟਰ ਯੋਗਰਾਜ ਅਤੇ ਮੀਤ ਪ੍ਰਧਾਨ ਵਰਿੰਦਰ ਭਾਟੀਆ ਨੇ ਅਧਿਆਪਕਾਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਕਿ ਸਿੱਖਿਆ ਬੋਰਡ ਨਾਲ ਉਨ੍ਹਾਂ ਦੀ ਮੰਗਾਂ ਦਾ ਕੋਈ ਵਾਸਤਾ ਨਹੀਂ, ਇਸ ਲਈ ਸਿੱਖਿਆ ਬੋਰਡ ਦਾ ਗੇਟ ਖੋਲ੍ਹ ਦੇਣ|

ਇਸ ਮੌਕੇ ਅਧਿਆਪਕ ਆਗੂਆਂ ਕਿਹਾ ਕਿ ਬੋਰਡ ਦੇ ਕਰਮਚਾਰੀਆਂ ਆਪਣੀਆਂ ਮੰਗਾਂ ਲਈ 15 ਦਿਨਾ ਪੈੱਨ ਡਾਊਨ ਹੜਤਾਲ ਕੀਤੀ ਸੀ, ਹੁਣ ਸਾਡੇ ਚਾਰ ਘੰਟੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ| ਗੇਟ ਬੰਦ ਕਾਰਨ ਵੱਡੀ ਗਿਣਤੀ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਵਿਦਿਆਰਥੀ, ਜੋ ਆਪਣੇ ਨਤੀਜੇ ਸੰਬੰਧੀ ਜਾਣਕਾਰੀ ਲੈਣ ਲਈ ਆਏ ਸਨ, ਉਹ ਪਰੇਸ਼ਾਨ ਹੁੰਦੇ ਰਹੇ| ਆਖਰਕਾਰ ਸਿੱਖਿਆ ਬੋਰਡ ਅਤੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੇ ਦਫਤਰਾਂ ਵਿੱਚ ਛੁੱਟੀ ਕਰ ਦਿੱਤੀ|

ਅਧਿਆਪਕ ਆਗੂ ਦਵਿੰਦਰ ਸਿੰਘ ਸੰਧੂ, ਅਜਮੇਰ ਸਿੰਘ ਔਲਖ, ਮੈਡਮ ਗਗਨ ਅਬੋਹਰ, ਜਸਵੰਤ ਪੰਨੂ, ਪ੍ਰੈੱਸ ਸਕੱਤਰ ਜੁਝਾਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 51 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ ਨੂੰ ਲਾਰੇ ਲਾ ਕੇ ਲੋਲੀਪਾਪ ਦੇ ਰਹੀ ਹੈ | ਦੋ ਵਾਰ ਮੁੱਖ ਮੰਤਰੀ ਦੇ ਓ ਐੱਸ ਡੀ ਸੰਦੀਪ ਸੰਧੂ ਉਨ੍ਹਾਂ ਦੇ ਧਰਨੇ ਵਿੱਚ ਆ ਕੇ ਭਰੋਸਾ ਦਿੰਦੇ ਰਹੇ ਕਿ ਆਉਣ ਵਾਲੇ ਬੁੱਧਵਾਰ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਏਜੰਡਾ ਭੇਜ ਕੇ ਮਸਲਾ ਹੱਲ ਕਰ ਦਿੱਤਾ ਜਾਵੇਗਾ|

ਉਨ੍ਹਾਂ ਕਿਹਾ ਕਿ ਉਹ ਬੁੱਧਵਾਰ ਹੁਣ ਈਦ ਦਾ ਚੰਦ ਬਣ ਗਿਆ, ਜਿਸ ਤੋਂ ਤੰਗ ਆ ਕੇ ਉਨ੍ਹਾਂ ਬੀਤੀ ਰਾਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਫੇਜ਼ 7 ਮੋਹਾਲੀ ਕੋਠੀ ਦਾ ਘਿਰਾਓ ਕੀਤਾ| ਪੁਲਸ ਵੱਲੋਂ ਉਨ੍ਹਾਂ ਨੂੰ ਥਾਣੇ ਲਿਜਾ ਕੇ ਬੰਦ ਕਰ ਦਿੱਤਾ ਤੇ ਬਾਅਦ ਵਿੱਚ ਛੱਡ ਦਿਤਾ ਗਿਆ| ਅਧਿਆਪਕ ਆਗੂ ਸੰਧੂ ਨੇ ਕਿਹਾ ਕਿ ਅਸੀਂ ਹੁਣ ਆਰ-ਪਾਰ ਦੀ ਲੜਾਈ ਲੜ ਰਹੇ ਹਾਂ, ਇਥੋਂ ਜਾਂ ਤਾਂ ਪੱਕੇ ਹੋ ਕੇ ਜਾਣਗੇ ਜਾਂ ਫਿਰ ਚਾਰ ਭਰਾਵਾਂ ਦੇ ਮੋਢਿਆਂ ‘ਤੇ ਜਾਵਾਂਗੇ|

ਉਨ੍ਹਾਂ ਕਿਹਾ ਕਿ ਇਹ ਸਾਡਾ ਗੁਪਤ ਐਕਸਨ ਸੀ, ਜੋ ਜਾਰੀ ਰਹੇਗਾ ਤੇ ਅਸੀਂ ਹੋਰ ਵੀ ਗੁਪਤ ਐਕਸ਼ਨ ਉਲੀਕੇ ਹਨ, ਜਿਨ੍ਹਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ| ਆਗੂਆਂ ਕਿਹਾ ਕਿ ਹੁਣ ਉਹ ਸਰਕਾਰ ਦੇ ਝੂਠੇ ਲਾਰਿਆਂ ਵਿੱਚ ਆਉਣ ਵਾਲੇ ਨਹੀਂ ਅਤੇ ਉਨ੍ਹਾਂ ਦੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਇਹ ਆਖਰੀ ਅਤੇ ਫੈਸਲਾਕੁਨ ਲੜਾਈ ਹੈ| ਆਗੂਆਂ ਮੰਗ ਕੀਤੀ ਉਹ ਪਿਛਲੇ 15 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ|