ਕੀ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਮੋਦੀ ਦੇਊਗਾ ਖਿਡਾਰੀਆਂ ਨੂੰ ਤੋਹਫ਼ਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਟੋਕੀਉ ਉਲੰਪਿਕ ਵਿਚ ਭਾਰਤ ਨੇ 41 ਸਾਲਾਂ ਬਾਅਦ ਹਾਕੀ ਵਿਚ ਤਮਗਾ ਜਿੱਤ ਕੇ ਇਤਿਹਾਸ ਸਿਰਜਿਆ ਹੈ। ਦੇਸ਼ ਭਰ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈਆਂ ਮਿਲ ਰਹੀਆਂ ਹਨ। ਇਸ ਦੌਰਾਨ ਹਲਕਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀ ਕਾਨੂੰਨ ਰੱਦ ਕਰਕੇ ਹਾਕੀ ਖਿਡਾਰੀਆਂ ਨੂੰ ਵੱਡਾ ਤੋਹਫਾ ਦੇਣ ਦੀ ਅਪੀਲ ਕੀਤੀ ਹੈ।

ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ, ‘ਪ੍ਰਧਾਨ ਮੰਤਰੀ ਜੀ ਉਲੰਪਿਕ ਖੇਡਾਂ ‘ਚ ਸਾਡੇ ਦੇਸ਼ ਦੀਆਂ ਹਾਕੀ ਟੀਮਾਂ ਵਿਚ ਸਾਰੇ ਗੋਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਧੀਆਂ-ਪੁੱਤਾਂ ਨੇ ਕੀਤੇ…। ਕ੍ਰਿਪਾ ਕਰਕੇ ਖੇਤੀ ਕਾਨੂੰਨ ਵਾਪਸ ਲੈ ਕੇ ਉਹਨਾਂ ਨੂੰ ਵੱਡਾ ਤੋਹਫਾ ਦਿਓ….’।

ਦੱਸ ਦਈਏ ਕਿ ਉਲੰਪਿਕ ਵਿਚ ਖੇਡਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਵਿਚ ਜ਼ਿਆਦਾ ਖਿਡਾਰੀ ਪੰਜਾਬ ਨਾਲ ਸਬੰਧ ਰੱਖਦੇ ਹਨ। ਇਹ ਸਾਰੇ ਖਿਡਾਰੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਵਿਚੋਂ ਹਨ। ਦੇਸ਼ ਭਰ ਵਿਚ ਹਰ ਕੋਈ ਇਹਨਾਂ ਪੰਜਾਬੀ ਖਿਡਾਰੀਆਂ ਦੇ ਹੌਂਸਲੇ ਅਤੇ ਜਜ਼ਬੇ ਦੀ ਤਾਰੀਫ ਕਰ ਰਿਹਾ ਹੈ।

ਜਰਮਨੀ ਨਾਲ ਹੋਏ ਇਸ ਮੁਕਾਬਲੇ ਵਿਚ ਭਾਰਤੀ ਟੀਮ ਨੇ ਪੰਜ ਗੋਲ ਕੀਤੇ, ਜਿਨ੍ਹਾਂ ਵਿਚੋਂ ਸਿਮਰਨਜੀਤ ਸਿੰਘ ਨੇ 2 ਗੋਲ, ਜਦਕਿ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਰੁਪਿੰਦਰਪਾਲ ਸਿੰਘ ਨੇ 1-1 ਗੋਲ ਕੀਤਾ।