ਵੋਟਾਂ ਦੇ ਭੁੱਖੇ ਲੀਡਰਾਂ ਨੂੰ, ਕਿਸਾਨ ਮੋਰਚੇ ਦੀ ਕੋਈ ਫਿਕਰ ਨਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦੀ ਸੁਰੱਖਿਆ ਅਤੇ ਸਥਿਰਤਾ ਪੂਰਨ ਰੂਪ ਵਿਚ ਖੇਤੀ, ਕਿਸਾਨਾਂ ਅਤੇ ਦਿਹਾਤ ’ਤੇ ਨਿਰਭਰ ਕਰਦੀ ਹੈ। ਪੇਂਡੂ ਖੇਤਰ ਦੇ ਵਿਕਾਸ ਅਤੇ ਜੀਵਨ ਜਾਚ ਨੂੰ ਤਹਿਸ-ਨਹਿਸ ਨਹੀਂ ਕਰ ਸਕਦੇ। ਤਿੰਨੇ ਖੇਤੀ ਕਾਨੂੰਨਾਂ ਵਿਰੁੱਧ ਚਲ ਰਹੇ ਕਿਸਾਨ ਅੰਦੋਲਨ ਨੂੰ ਸਮਾਜ ਦੇ ਸਾਰੇ ਵਰਗਾਂ ਤੋਂ ਹਮਾਇਤ ਹਾਸਲ ਹੋਣ ਕਾਰਨ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਸ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ। 

ਕਿਰਤੀ ਕਿਸਾਨ ਫੋਰਮ ਨੇ ਦਾਅਵਾ ਕੀਤਾ ਕਿ ਤਿੰਨ ਖੇਤੀ ਕਾਨੂੰਨਾਂ ਦੇ ਹੱਕ ਵਿਚ ਭੁਗਤਣ ਵਾਲੀਆਂ ਰਾਜਨੀਤਿਕ ਧਿਰਾਂ, ਅਖੌਤੀ ਬੁੱਧੀਜੀਵੀ ਉਨ੍ਹਾਂ ਨਾਲ ਲੰਘੇ ਕੱਲ੍ਹ ਬਹਿਸ ਲਈ ਅੱਗੇ ਨਹੀਂ ਆਏ। ਯਾਦ ਰਹੇ ਕਿ ਫੋਰਮ ਨਾਲ ਸਾਬਕਾ ਆਈਏਐੱਸ, ਆਈਪੀਐੱਸ, ਪ੍ਰਾਂਤਕ ਸੇਵਾਵਾਂ ਅਤੇ ਫੌਜੀ ਅਫਸਰ ਜੁੜੇ ਹੋਏ ਹਨ। ਸਾਬਕਾ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ।

ਕਿਰਤੀ-ਕਿਸਾਨ ਫੋਰਮ ਦੀ ਕੋ-ਪ੍ਰਧਾਨਗੀ ਕਰਦਿਆਂ ਪਦਮਸ੍ਰੀ ਸਵਰਨ ਸਿੰਘ ਬੋਪਾਰਾਏ ਅਤੇ ਪਦਮਸ੍ਰੀ ਆਰਆਈ ਸਿੰਘ ਸਾਬਕਾ ਮੁੱਖ ਸਕੱਤਰ ਪੰਜਾਬ ਸਰਕਾਰ ਨੇ ਕਿਸਾਨ ਸੰਸਦ ਵਿਚ ਵਿਚ ਸ਼ਾਮਲ ਹੋਣ ਵਾਲੇ ਤਿਆਰ ਸਾਰੇ ਅਧਿਕਾਰੀਆਂ ਦੇ ਜੋਸ਼ ਦੀ ਪ੍ਰਸੰਸਾ ਕੀਤੀ।

ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਕਾਨੂੰਨੀ ਮਾਹਿਰ ਜੋਗਿੰਦਰ ਸਿੰਘ ਤੂਰ ਵੱਲੋਂ ਤਿੰਨੇ ਖੇਤੀ ਕਨੂੰਨਾਂ ਦੇ ਮਾਰੂ ਅਸਰਾਂ ਬਾਰੇ ਹੁਣੇ ਛਪੀ ਕਿਤਾਬ ਵਿਚੋਂ ਇਨ੍ਹਾਂ ਦੇ ਕਾਲੇ ਪੱਖਾਂ ਬਾਰੇ ਦੱਸਿਆ ਅਤੇ ਅੰਗਰੇਜ਼ੀ ਐਡੀਸ਼ਨ ਦੀ ਕਾਪੀਆਂ ਸਾਰੇ ਦੇਸ਼ ਦੇ ਸੰਸਦ ਮੈਂਬਰਾਂ, ਬੁਧੀਜੀਵੀਆਂ ਅਤੇ ਵਿਧਾਨ ਸਭਾ ਮੈਂਬਰਾਂ ਨੂੰ ਮੁਫਤ ਭੇਜਣ ਦਾ ਭਰੋਸਾ ਦਿਤਾ। ਫਾਰਮਰਜ਼ ਵੈੱਲਫੇਅਰ ਟਰੱਸਟ ਵੱਲੋਂ ਸੁਖਦੇਵ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਲਈ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ।