ਕਿਸਾਨ ਮੋਰਚੇ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਸਰਕਾਰ ਵੱਲੋਂ ਵਿਤਕਰਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਰਤੀ ਕਿਸਾਨ ਯੂਨੀਅਨ ਵੱਲੋਂ ਦਿੱਲੀ ਕਿਸਾਨ ਮੋਰਚੇ ਵਿੱਚ ਬਿਮਾਰ ਹੋ ਕਿ ਪਿੰਡ ਪਰਤੇ ਕਿਸਾਨ ਜਗਦੇਵ ਸਿੰਘ ਜੱਗਾ ਪੁੱਤਰ ਗੋਪਾਲ ਸਿੰਘ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਨੂੰ ਜਿਆਦਾ ਸਿਹਤ ਵਿਗੜਨ ਕਾਰਨ ਬਠਿੰਡਾ ਸ਼ਹਿਰ ਦੇ ਕਾਲੜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਜਿਸਦੀ ਇਲਾਜ ਅਧੀਨ ਮਿੱਤੀ 15/02/2021 ਨੂੰ ਮੌਤ ਹੋ ਗਈ ਸੀ।

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ ਨੇ ਦੱਸਿਆ ਕਿ ਸ਼ਹੀਦ ਕਿਸਾਨ ਜਗਦੇਵ ਸਿੰਘ ਦੇ ਪੀੜ੍ਹਤ ਪਰਿਵਾਰ ਨੂੰ ਸਰਕਾਰ ਵੱਲੋਂ ਐਲਾਨੀ ਗਈ 5 ਲੱਖ ਦੀ ਸਹਾਇਤਾ ਰਾਸ਼ੀ ਅਤੇ ਪੀੜ੍ਹਤ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਲਈ ਪਰਿਵਾਰ ਵੱਲੋਂ ਐਸਡੀਐਮ ਬਾਘਾਪੁਰਾਣਾ ਨੂੰ ਲਿਖਤੀ ਪੱਤਰ ਦੇ ਰੂਪ ਵਿੱਚ ਐਪਲੀਕੇਸ਼ਨ ਦਿੱਤੀ ਗਈ ਸੀ। ਪ੍ਰੰਤੂ ਅਜੇ ਤੱਕ ਪੀੜ੍ਹਤ ਪਰਿਵਾਰ ਨੂੰ ਜੋ ਸਰਕਾਰ ਵੱਲੋਂ ਐਲਾਨੀ ਗਈ 5 ਲੱਖ ਦੀ ਸਹਾਇਤਾ ਰਾਸ਼ੀ ਨਹੀ ਮਿਲੀ।

ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਜਸਮੇਲ ਸਿੰਘ ਨੇ ਦੱਸਿਆ ਕਿ ਪੀੜ੍ਹਤ ਪਰਿਵਾਰ ਕੋਲ ਨਾ ਹੀ ਜਮੀਨ ਹੈ। ਜਿਸ ਕਰਕੇ ਪਰਿਵਾਰ ਦਾ ਘਰ ਦਾ ਗੁਜਾਰਾ ਬੜੀ ਹੀ ਮੁਸ਼ਕਿਲ ਨਾਲ ਚੱਲਦਾ ਹੈ। ਸ਼ਹੀਦ ਕਿਸਾਨ ਜਗਦੇਵ ਸਿੰਘ ਦਾ ਪਰਿਵਾਰ ਬਹੁਤ ਹੀ ਗਰੀਬ ਹੋਣ ਕਰਕੇ ਜਗਦੇਵ ਸਿੰਘ ਦੇ ਇਲਾਜ ਅਧੀਨ ਜਿਆਦਾ ਖਰਚ ਹੋਣ ਕਾਰਨ ਪਰਿਵਾਰ ਹੋਰ ਕਰਜਾਈ ਹੋ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਮੰਗ ਕਰਦੀ ਹੈ ਕਿ ਸ਼ਹੀਦ ਕਿਸਾਨ ਜਗਦੇਵ ਸਿੰਘ ਦੇ ਪੀੜ੍ਹਤ ਪਰਿਵਾਰ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ਜਲਦ ਦਿੱਤੀ ਜਾਵੇ।

ਜੇਕਰ ਪ੍ਰਸਾਸ਼ਨ ਨੇ ਪਰਿਵਾਰ ਨੂੰ 5 ਲੱਖ ਦੀ ਸਹਾਇਤਾ ਰਾਸ਼ੀ ਜਲਦ ਨਾ ਦਿੱਤੀ ਗਈ ਤਾਂ ਕਿਰਤੀ ਕਿਸਾਨ ਯੂਨੀਅਨ ਪਿੰਡ ਵਾਸੀਆ ਦੇ ਸਹਿਯੋਗ ਨਾਲ ਪ੍ਰਸਾਸ਼ਨ ਖਿਲਾਫ ਸੰਘਰਸ਼ ਵਿੱਢੇਗੀ ਅਤੇ 5 ਅਗਸਤ ਦਿਨ ਵੀਰਵਾਰ ਬਾਘਾਪੁਰਾਣਾ ਦੇ ਐਸਡੀਐਮ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।