ਕਿਸਾਨ ਡੁੱਬੇ, ਪ੍ਰਸਾਸ਼ਨ ਸੁੱਤਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਲਹਿਰਾਗਾਗਾ ਨੇੜਲੇ ਪਿੰਡ ਲਦਾਲ ਕੋਲੋਂ ਲੰਘਦੀ ਲਦਾਲ ਲਿੰਕ ਡਰੇਨ ਵਿਚ 50 -60 ਫੁੱਟ ਪਾੜ ਪੈ ਜਾਣ ਕਾਰਨ 400 ਏਕੜ ਫਸਲ ਇਸ ਪਾਣੀ ਦੀ ਭੇਟ ਚੜ੍ਹ ਗਈ ਹੈ। ਪੀੜਤ ਕਿਸਾਨ ਟਹਿਲ ਸਿੰਘ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਇੱਥੋਂ ਡ੍ਰੇਨ ਟੁੱਟਦੀ ਹੈ, ਪਰ ਮਹਿਕਮੇ ਨੇ ਕਦੇ ਵੀ ਸਾਡੀ ਸਾਰ ਨਹੀਂ ਲਈ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਸੀ, ਪ੍ਰੰਤੂ ਕਿਸੇ ਲੀਡਰ ਜਾਂ ਮਹਿਕਮੇ ਨੇ ਕੋਈ ਗੇੜਾ ਨਹੀਂ ਮਾਰਿਆ ।ਉਨ੍ਹਾਂ ਕਿਹਾ ਕਿ ਆਪ ਆਗੂ ਹਰਪਾਲ ਸਿੰਘ ਚੀਮਾ ਵੀ ਸਿਰਫ ਦੋ ਮਿੰਟ ਖੜ੍ਹ ਕੇ ਚਲੇ ਗਏ । ਇਸ ਵਾਰ ਪਾਣੀ ਚਾਰ ਗੁਣਾ ਜ਼ਿਆਦਾ ਹੈ ਤੇ ਫ਼ਸਲ ਵਿੱਚ ਛੇ- ਛੇ ਫੁੱਟ ਪਾਣੀ ਖੜ੍ਹਾ ਹੈ। ਅੱਜ ਜੇਸੀਬੀ ਨਾਲ ਮਹਿਕਮਾ ਸਿਰਫ਼ ਖ਼ਾਨਾਪੂਰਤੀ ਕਰਨ ਆਇਆ ਹੈ। ਕਿਉਂਕਿ ਇਹ ਮਸ਼ੀਨ ਪਾਣੀ ਵਿੱਚ ਨਹੀਂ ਚੱਲ ਸਕਦੀ।ਪਾਣੀ ਅਜੇ ਵੀ ਪਿੱਛੋਂ ਲਗਾਤਾਰ ਵਧਦਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਸਾਡੀਆਂ ਫਸਲਾਂ ਸੋਕੇ ਨੇ ਮਾਰੀਆਂ, ਜਿਸ ਕਾਰਨ ਸਾਨੂੰ ਦੋਬਾਰਾ ਝੋਨਾ ਲਾਉਣਾ ਪਿਆ। ਤੇ ਹੁਣ ਇਹ ਡਰੇਨ ਟੁੱਟਣ ਨਾਲ ਪਾਣੀ ਦੀ ਭੇਂਟ ਚੜ੍ਹ ਗਈਆਂ। ਜਿਸ ਕਾਰਨ ਸਾਡਾ ਪ੍ਰਤੀ ਏਕੜ 25000 ਰੁਪਏ ਖ਼ਰਚ ਆ ਚੁੱਕਿਆ ਹੈ। ਕਿਸਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਪਾਣੀ ਹਰ ਸਾਲ ਆਉਂਦਾ ਹੈ।ਜਿਸ ਕਾਰਨ ਸਾਡਾ ਭਾਰੀ ਨੁਕਸਾਨ ਹੁੰਦਾ ਹੈ। ਕੋਈ ਅਧਿਕਾਰੀ ਜਾਂ ਬੇਲਦਾਰ ਤਕ ਨਹੀਂ ਆਉਂਦਾ ਕਿਤੇ ਸਫ਼ਾਈ ਨਹੀਂ ਹੁੰਦੀ। ਲੇਕਿਨ ਇਸ ਦੇ ਨਾਮ ਤੇ ਟੈਂਡਰ ਲੱਗ ਜਾਂਦਾ ਹੈ। ਸਾਰਾ ਪੈਸਾ ਆਪਸ ਵਿੱਚ ਵੰਡ ਕੇ ਖਾ ਲਿਆ ਜਾਂਦਾ ਹੈ।

ਇਸ ਸਮੇਂ ਪੀਡ਼ਤ ਕਿਸਾਨਾਂ ਨੇ ਜਿੱਥੇ ਸਰਕਾਰ ਤੋਂ ਪੂਰੇ ਮੁਆਵਜ਼ੇ ਦੀ ਮੰਗ ਕੀਤੀ ਹੈ, ਉੱਥੇ ਹੀ ਫੰਡਾਂ ਚ ਹੁੰਦੇ ਘਪਲੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਇਸ ਬਾਰੇ ਡਰੇਨ ਮਹਿਕਮੇ ਦੇ ਜੇ ਈ ਰਾਜਪਾਲ ਸਿੰਘ ਨੇ ਦੱਸਿਆ, ਕਿ ਪਿਛਲੇ ਸਾਲ ਕੋਈ ਫੰਡ ਨਹੀਂ ਆਇਆ। ਉਸ ਤੋਂ ਪਹਿਲਾਂ ਸਫਾਈ ਕਰਵਾ ਦਿੱਤੀ ਗਈ ਸੀ। ਹੁਣ ਵੀ ਜੇਸੀਬੀ ਮਸ਼ੀਨਾਂ ਅਤੇ ਗੱਟਿਆ ਨਾਲ ਇਸ ਪਾੜ ਨੂੰ ਪੂਰਿਆ ਜਾਵੇਗਾ।