"ਬੰਬ" ਨੇ ਕੀਤੀ ਸਭ ਦੀ ਬੋਲਤੀ ਬੰਦ! (ਨਿਊਜ਼ਨੰਬਰ ਖ਼ਾਸ ਖ਼ਬਰ)

ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚੋਂ ਬੰਬ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਬੰਧਤ ਥਾਣੇ ਦੀ ਪੁਲਿਸ ਦੇ ਵੱਲੋਂ ਇਸ ਸਬੰਧੀ ਆਪਣੇ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬੰਬ ਮਿਲਣ ਦੀ ਸੂਚਨਾ ਮਿਲਦੇ ਹੀ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਿਕ, ਪਿੰਡ ਜੋਧਪੁਰ ਦੇ ਨਜਦੀਕ ਨਵੇਂ ਬਣੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਦੇ ਗਰਾਉਂਡ ‘ਚੋ ਬਹੁਤ ਵੱਡਾ ਬੰਬ ਦਾ ਸ਼ੈਲ ਮਿਲਿਆ ਹੈ, ਜਿਸ ਨੂੰ ਨਕਾਰਾ ਕਰਨ ਵਾਸਤੇ ਫੋਜ ਦੇ ਬੰਬ ਨਿਰੋਧਕ ਦਸਤੇ ਨੂੰ ਮੰਗਵਾਏ ਜਾਣ ਦਾ ਸਮਾਚਾਰ ਹੈ। ਪੁਲਸ ਵੱਲੋ ਇਤਹਾਤ ਦੇ ਤੌਰ ਤੇ ਬੰਬ ਦੇ ਆਸ ਪਾਸ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਮੈਡਮ ਰੁਬੀਨਾ ਚੌਪੜਾ ਨੇ ਦੱਸਿਆ ਕਿ ਕਸਬਾ ਮਮਦੋਟ ਤੋਂ ਕੁਝ ਦੂਰੀ ਤੇ ਮਮਦੋਟ- ਫਿਰੋਜ਼ਪੁਰ ਰੋਡ ਤੇ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਨਵੀਂ ਬਣੀ ਬਿਲਡਿੰਗ ਵਿੱਚ ਸਕੂਲ ਸ਼ਿਫਟ ਹੋਣ ਕਾਰਨ ਪਲਾਟੇਸ਼ਨ ਕਰਨ ਵਾਸਤੇ ਸਕੂਲ ਵਿੱਚ ਰੈਡ ਕਰਾਸ ਵੱਲੋ ਪੌਦੇ ਵਗੈਰਾ ਲਗਾਏ ਜਾਣੇ ਸਨ ਤੇ ਇਸ ਵਾਸਤੇ ਸਕੂਲ ਵਿਚ ਖੱਡੇ ਵਗੈਰਾ ਖੋਂਦੇ ਜਾ ਰਹੇ ਸਨ।

ਉਨ੍ਹਾਂ ਦੱਸਿਆ ਕਿ ਖੱਡਾ ਖੋਦ ਰਹੇ ਮਜ਼ਦੂਰਾਂ ਨੂੰ ਇਹ ਬੰਬ ਨੁਮਾ ਚੀਜ਼ ਦਿੱਸੀ ਤਾਂ ਉਨ੍ਹਾਂ ਇਸ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਮਮਦੋਟ ਪੁਲਸ ਵੱਲੋਂ ਇਸ ਬੰਬ ਦੇ ਆਸ ਪਾਸ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਫ਼ਸਰ ਹਰਬੰਸ ਸਿੰਘ ਸਹਾਇਕ ਥਾਣੇਦਾਰ ਪੁਲਸ ਥਾਣਾ ਮਮਦੋਟ ਨੇ ਦੱਸਿਆ ਕਿ ਸਕੂਲ ਦੇ ਗਰਾਊਂਡ ਵਿੱਚੋਂ ਮਿਲਿਆ ਇਹ ਬੰਬ ਕਰੀਬ ਸਵਾ ਫੁੱਟ ਲੰਬਾ ਅਤੇ ਕਾਫੀ ਮੋਟਾ ਹੈ।

ਉਨ੍ਹਾਂ ਦੱਸਿਆ ਕਿ ਸਕੂਲ ਦੀ ਨਵੀਂ ਬਣੀ ਬਿਲਡਿੰਗ ਕਾਰਨ ਸਕੂਲ ਵਿੱਚ ਭਰਤੀ ਪਾਈ ਗਈ ਸੀ ਤੇ ਇਸ ਬੰਬ ਦੇ ਉਸ ਭਰਤੀ ਵਾਲੀ ਮਿੱਟੀ ਰਾਹੀਂ ਹੀ ਸਕੂਲ ਵਿੱਚ ਆ ਜਾਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੰਬ ਨਿਰੋਧਕ ਦਸਤਾ ਵੀ ਮੰਗਵਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਬੰਬ ਦੇ ਆਸ ਪਾਸ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ ਤੇ ਪੁਲੀਸ ਦੇ ਜਵਾਨ 24 ਘੰਟੇ ਨਿਗਰਾਨੀ ਕਰ ਰਹੇ ਹਨ।