ਹਾਕਮਾਂ ਨੂੰ ਖ਼ੂੰਝੇ ਲਗਾ ਗਿਆ ਮਾਰਚ! (ਨਿਊਜ਼ਨੰਬਰ ਖ਼ਾਸ ਖ਼ਬਰ)

“ਨੌਜਵਾਨ ਭਾਰਤ ਸਭਾ" ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ, ਸ਼ਹਿਰਾਂ ਦੇ ਨੌਜਵਾਨਾਂ ਵੱਲੋਂ ਨਸ਼ੇ ਬੇਰੋਜਗਾਰੀ, ਲੱਚਰ ਅਤੇ ਭੜਕੀਲੀ ਗਾਇਕੀ, ਮਾੜੀਆਂ ਸਿਹਤ ਸਹੂਲਤਾਂ, ਮੱਤੇਵਾੜਾ ਜੰਗਲ ਦੇ ਉਜਾੜੇ ਅਤੇ ਵੱਧ ਰਹੀ ਮਹਿੰਗਾਈ ਦੇ ਖਿਲਾਫ ਮੋਗਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਮੋਟਰਸਾਇਕਲ ਮਾਰਚ ਕਰਕੇ ਡੀਸੀ ਮੋਗਾ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਭੇਜੈਆ ਗਿਆ। ਇਸ ਮੰਗ ਪੱਤਰ ਵਿੱਚ ਹੇਠ ਲਿਖਿਆ ਮੰਗਾਂ ਸ਼ਾਮਲ ਹਨ।

ਜਿਵੇਂ ਕਿ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਨੂੰ ਸਰਕਾਰੀ ਕੰਟਰੋਲ ਅਤੇ ਜੀ.ਐਸ.ਟੀ ਅਧੀਨ ਲਿਆਉਣ, ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤੇ ਰੱਦ ਕਰਾਉਣ, ਮੱਤੇਵਾੜਾ ਜੰਗਲ ਦਾ ਉਜਾੜਾ ਬੰਦ ਕਰਾਉਣ, ਪਿੰਡਾਂ ਦੀਆਂ ਡਿਸਪੈਂਸਰੀਆਂ ਅਤੇ ਸੇਵਾ ਕੇਂਦਰ ਚਲਾਉਣ, ਬੱਸਾਂ ‘ਚ ਚੱਲਦੇ ਲੱਚਰ ਅਤੇ ਭੜਕੀਲੇ ਗੀਤ ਬੰਦ ਕਰਾਉਣ, ਗੀਤਾਂ ‘ਤੇ ਸੈਂਸਰ ਬੋਰਡ ਬਣਾਉਣ, ਤੂੜੀ ਬਾਜਾਰ ਫਿਰੋਜ਼ਪੁਰ ਸਥਿਤ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਗੁਪਤ ਟਿਕਾਣੇ, ਮੋਗਾ ਰੀਗਲ ਸਿਨੇਮਾ ਨੂੰ ਸ਼ਹੀਦਾਂ ਦੀ ਯਾਦਗਾਰ ਅਤੇ ਲਾਇਬ੍ਰੇਰੀ ਵਿੱਚ ਵਿਕਸਤ ਕਰਾਉਣ ਦੀਆਂ ਮੰਗਾਂ ਸ਼ਾਮਿਲ ਹਨ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂਕੇ, ਇਲਾਕਾ ਕਮੇਟੀ ਮੈਂਬਰ ਰਾਜਦੀਪ ਰਾਊਕੇ ਅਤੇ ਸਤਿਨਾਮ ਡਾਲਾ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਨਸ਼ੇ ਵਾਸਤੇ ਪੁਲਿਸ ਸਿਆਸੀ ਨਸ਼ਾ ਸਮਗਲਰ ਗੱਠਜੋੜ ਜਿੰਮੇਵਾਰ ਹੈ।

ਕੈਪਟਨ ਸਰਕਾਰ ਨੇ ਘਰ ਘਰ ਨੌਕਰੀਆ ਦੇਣ ਦੀ ਬਜਾਏ ਠੇਕੇਦਾਰੀ ਪ੍ਰਣਾਲੀ ਨੂੰ ਬੜਾਵਾ ਦਿੱਤਾ, ਰੁਜ਼ਗਾਰ ਦੇ ਮੌਕੇ ਪੈਦਾ ਨਹੀ ਕੀਤੇ, ਬੇਰੋਜ਼ਗਾਰਾਂ ਨੂੰ ਆਏ ਦਿਨ ਡਾਂਗਾ ਨਾਲ ਕੁੱਟਿਆ। ਨੌਜਵਾਨ ਭਾਰਤ ਸਭਾ ਦੇ ਇਲਾਕਾ ਕਮੇਟੀ ਮੈਂਬਰ ਰਾਮ ਸਿੰਘ ਡਾਲਾ ਨੇ ਦੱਸਿਆ ਕਿ ਕੈਪਟਨ ਵਾਂਗ ਅਕਾਲੀ-ਬਸਪਾ ਗਠਜੋੜ, ਆਮ ਆਦਮੀ ਪਾਰਟੀ ਕੋਲ ਰੁਜਗਾਰ ਦੇਣ, ਨਸ਼ਾ ਖਤਮ ਕਰਨ ਲਈ ਕੋਈ ਵੱਖਰਾ ਪਰੋਗਰਾਮ ਨਹੀਂ ਹੈ। ਲੋਕਾਂ ਚੋਂ ਸਾਖ ਗੁਆ ਚੁੱਕੇ ਸਿਆਸਤਦਾਨ ਹੁਣ ਪਾਰਟੀਆਂ ਦੇ ਨਵੇਂ ਪ੍ਰਧਾਨ ਥਾਪਣ ‘ਤੇ ਲੱਗੇ ਹੋਏ ਹਨ।

ਇਹਨਾਂ ਸਮੱਸਿਆਵਾਂ ਦੀ ਜੜ ਸਾਮਰਜੀ ਖੇਤੀ ਮਾਡਲ ਖਿਲਾਫ ਬੋਲਣ ਲਈ ਇਹਨਾਂ ਚੋਂ ਕੋਈ ਵੀ ਪਾਰਟੀ ਤਿਆਰ ਨਹੀਂ ਹੈ।ਇਹਨਾਂ ਤੋਂ ਆਸ ਛੱਡ ਕੇ ਨੌਜਵਾਨਾਂ ਨੂੰ ਆਪਣੀ ਲਹਿਰ ਖੜੀ ਕਰਨੀ ਪਵੇਗੀ। ਅੱਜ ਅਤੇ ਕੱਲ ਸੂਬੇ ਭਰ ਵਿੱਚ ਮੋਟਰਸਾਇਕਲ ਮਾਰਚ ਕੀਤੇ ਗਏ ਹਨ। ਆਉਣ ਵਾਲੇ ਕੱਲ 31 ਜੁਲਾਈ ਨੂੰ ਮੋਟਰਸਾਇਕਲ ਮਾਰਚ ਦਾ ਆਖਰੀ ਦਿਨ ਹੈ। ਇਸ ਤੋਂ ਅੱਗੇ ਸੰਘਰਸ਼ ਦੇ ਐਲਾਨ ਜਲਦ ਕੀਤਾ ਜਾਵੇਗਾ।