ਸਿੱਖਿਆ ਵਿਭਾਗ 'ਚ ਰਿਸ਼ਵਤ ਕਾਂਡ ਕਿਵੇਂ ਹੋਇਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਦਿਨੀਂ ਸਿਖਿਆ ਵਿਭਾਗ ਦੇ ਜੂਨੀਅਰ ਸਹਾਇਕ ਪ੍ਰਿਤਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਵਲੋਂ ਇਕ ਲੱਖ ਰੁਪਏ ਰਿਸ਼ਵਤ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਜੋ ਕੁਝ ਵਿਜੀਲੈਂਸ ਨੇ ਖੁਲਾਸੇ ਕੀਤੇ ਉਹ ਤਾਂ ਹੈਰਾਨ ਕਰਨ ਵਾਲੇ ਸਨ ਹੀ।

ਪਰ ਸਵਾਲ ਇਹ ਉੱਠਦਾ ਹੈ ਕਿ ਇਸ ਏਨੇ ਵੱਡੇ ਰਿਸ਼ਵਤ ਕਾਂਡ ਦਾ ਮੁਲਜ਼ਮ ਇਕੱਲਾ ਪ੍ਰਿਤਪਾਲ ਸਿੰਘ ਕਿਵੇਂ ਹੋ ਸਕਦੈ? ਮੰਨਦੇ ਹਾਂ ਕਿ, ਪ੍ਰਿਤਪਾਲ ਸਿੰਘ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਵਿਜੀਲੈਂਸ ਨੇ ਫੜ ਲਿਆ, ਪਰ ਕੀ ਰਿਸ਼ਵਤ ਦਾ ਇਹ ਏਨਾ ਵੱਡਾ ਕਾਂਡ ਆਖਰ ਇਕੱਲਾ ਪ੍ਰਿਤਪਾਲ ਸਿੰਘ ਕਰ ਸਕਦਾ ਹੈ?

ਕਿਸੇ ਨਾ ਕਿਸੇ ਉੱਚ ਅਧਿਕਾਰੀ ਦੀ ਤਾਂ ਪੱਕਾ ਪ੍ਰਿਤਪਾਲ ਨੂੰ ਸ਼ਹਿ ਹੋਵੇਗੀ ਹੀ, ਤਾਂ ਹੀ ਉਹ ਲੱਖਾਂ ਰੁਪਏ ਰਿਸ਼ਵਤ ਦੀ ਮੰਗ ਅਧਿਆਪਕਾਂ ਅਤੇ ਹੋਰਨਾਂ ਸਟਾਫ ਤੋਂ ਕਰਦਾ ਰਿਹਾ।

ਇਸ ਮਸਲੇ ਵਿੱਚ ਜਿਹੜੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਹੁਣ ਤੱਕ ਰਿਸ਼ਵਤ ਕਾਂਡ ਮਾਮਲੇ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਕ ਵੀ ਬਿਆਨ ਕਿਉਂ ਨਹੀਂ ਜਾਰੀ ਕੀਤਾ?

ਸਿੱਖਿਆ ਸਕੱਤਰ ਵਲੋਂ ਨਾ ਹੀ ਇਸ ਪੂਰੇ ਕਾਂਡ ‘ਤੇ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਇਹ ਕਿਹਾ ਗਿਆ ਕਿ, ਉਹ ਪ੍ਰਿਤਪਾਲ ਵਰਗਿਆਂ ਨੂੰ ਰਿਸ਼ਵਤ ਦੇਣ ਤੋਂ ਪਹਿਲਾਂ, ਦਫਤਰ ਵਿਖੇ ਉਹਨੂੰ ਸੂਚਿਤ ਕਰਨ। ਇਸ ਰਿਸ਼ਵਤ ਕਾਂਡ ਦਾ ਅਸਲੀ ਮਾਸਟਰਮਾਈਂਡ ਬੇਸ਼ੱਕ ਸਿੱਖਿਆ ਵਿਭਾਗ ਵਿੱਚ ਹੀ ਬੈਠਾ ਹੋਵੇਗਾ। ਪਰ ਸਵਾਲ ਇਹ ਹੈ ਕਿ ਵਿਜੀਲੈਂਸ ਕਦੋਂ ਉਸ ਤੱਕ ਵੀ ਪਹੁੰਚ ਕਰਦੀ ਹੈ?

ਦੂਜੇ ਪਾਸੇ ਵਿਜੀਲੈਂਸ ਅਧਿਕਾਰੀਆਂ ਦਾ ਦਾਅਵਾ ਹੈ ਕਿ, ਜਾਂਚ ਜਾਰੀ ਹੈ ਅਤੇ ਹੋਰ ਵੀ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਇਸ ਰਿਸ਼ਵਤ ਕਾਂਡ ਵਿੱਚ ਨਾਮ ਸਾਹਮਣੇ ਆ ਸਕਦੇ ਹਨ। ਹੁਣ ਸਵਾਲ ਇਹ ਹੈ ਕਿ ਜਿਹੜੇ ਅਧਿਕਾਰੀਆਂ ਦਾ ਇਸ ਕਾਂਡ ਵਿਚ ਨਾਮ ਬੋਲਣ ਦੀ ਉਮੀਦ ਜਤਾਈ ਜਾ ਰਹੀ ਹੈ, ਕੀ ਉਹ ਵੀ ਸਲਾਖਾਂ ਪਿੱਛੇ ਜਾਣਗੇ?