ਮੀਂਹ ਝੱਖੜ ਵੀ ਨਾ ਰੋਕ ਸਕੇ ਸੰਘਰਸ਼! (ਨਿਊਜ਼ਨੰਬਰ ਖ਼ਾਸ ਖ਼ਬਰ)

ਆਈ ਸੀ ਡੀ ਐਸ ਸਕੀਮ ਬਚਾਓ, ਬਚਪਨ ਬਚਾਓ ਲਈ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਇਸ਼ ਅੱਗੇ ਵਿੱਢਿਆ ਪੱਕਾ ਮੋਰਚਾ 136ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਇਸ ਸਮੇਂ ਦੌਰਾਨ ਮੀਂਹ, ਝੱਖੜਾਂ ਦਾ ਸਾਹਮਣਾ ਕਰਦੀਆਂ ਹੋਈਆਂ ਮਹਿਲਾ ਵਰਕਰਾਂ ਦਿਨ ਰਾਤ ਡੱਟੀਆਂ ਹੋਈਆਂ ਹਨ, ਪਰ ਸਰਕਾਰ ਕੋਲ ਅਜੇ ਸੰਘਰਸ਼ਕਾਰੀ ਵਰਕਰਾਂ ਦੀ ਮੰਗ ਮੰਨਣ ਦਾ ਸਮਾਂ ਨਹੀਂ ਹੈ।

ਅੱਜ ਧਰਨੇ ’ਚ ਬਲਾਕ (ਰੂਰਲ) ਜ਼ਿਲ੍ਹਾ ਪਟਿਆਲਾ ਦੀਆਂ ਵਰਕਰਾਂ, ਹੈਲਪਰਾਂ ਨੇ ਕਮਲਜੀਤ ਕੌਰ ਬਲਾਕ ਜਰਨਲ ਸੈਕਟਰੀ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਿਲ੍ਹਾ ਪਟਿਆਲਾ ਜੁਆਇੰਟ ਕੈਸ਼ੀਅਰ ਖੁਸ਼ਦੀਪ ਸ਼ਰਮਾ ਅਤੇ ਸ਼ਕੁੰਤਲਾ ਬਲਾਕ ਪ੍ਰਧਾਨ ਧੂਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿੱਚ ਕੰਮ ਕਰਦੀਆਂ ਮਹਿਲਾ ਵਰਕਰਾਂ ਅਤੇ ਹੈਲਪਰਾਂ ਨੇ 136 ਦਿਨਾਂ ਤੋਂ ਲਗਾਤਾਰ ਦਿਨ ਰਾਤ ਧਰਨਾ ਦੇ ਰਹੀਆਂ ਹਨ, ਪਰ ਸਿੱਖਿਆ ਮੰਤਰੀ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦੀ ਬਜਾਏ ਆਪਣਾ ਘਰ ਹੀ ਛੱਡ ਦਿੱਤਾ ਹੈ।

ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 17 ਮਾਰਚ ਤੋਂ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਆਪਣੀਆਂ ਮੰਗਾਂ ਨੂੰ ਲੈ ਕੇ ਇਥੇ ਡੱਟੀਆਂ ਹੋਈਆਂ ਹਨ। ਪ੍ਰੰਤੂ ਸਰਕਾਰ ਇਸ ਗੂੰਗੀ ਬੋਲੀ ਸਰਕਾਰ ਕੋਲ ਗੱਲ ਸੁਣਨ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੈਂਦੇ ਮੀਂਹ ਵਿੱਚ ਸਾਰੀ ਰਾਤ ਔਰਤਾਂ ਨੇ ਖੁੱਲ੍ਹੇ ਅਸਮਾਨ ਹੇਠ ਕੱਟੀ, ਪ੍ਰੰਤੂ ਸਰਕਾਰ ਗੱਲ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਨਵੀਂ ਸਿੱਖਿਆ ਨੀਤੀ ਜੋ ਦੇਸ਼ ਦੀ ਵਿੱਦਿਅਕ ਤਾਕਤ ਨੂੰ ਹੋਰ ਮਾੜਾ ਮੋੜ ਦੇਵੇਗੀ ਅਤੇ ਨਿੱਜੀਕਰਨ ਨੂੰ ਹੋਰ ਵਧਾਵੇਗੀ ਸਿੱਖਿਆ ਨੀਤੀ ਵਿੱਚ ਈ ਸੀ ਸੀ ਈ ਪਾਲਿਸੀ ਜੋ ਪਿਛਲੇ 42 ਸਾਲਾਂ ਤੋਂ ਆਂਗਣਵਾੜੀ ਕੇਂਦਰਾਂ ਦੁਆਰਾ ਦਿੱਤੀ ਜਾ ਰਹੀ ਸੀ ਇਹ ਪਾਲਿਸੀ ਵਿੱਚ ਕਿਤੇ ਵੀ ਆਂਗਣਵਾੜੀ ਕੇਂਦਰਾਂ ਦੁਆਰਾ ਦੇਣ ਦਾ ਜ਼ਿਕਰ ਨਹੀਂ ਹੈ ਜਿਸ ਨਾਲ ਦੇਸ਼ ਦੀਆਂ 26 ਲੱਖ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਰੁਜ਼ਗਾਰ ਖਤਮ ਹੋਣ ਦੇ ਡਰ ਦੇ ਨਾਲ ਨਾਲ ਭੋਲੇ ਬਚਪਨ ਦੇ ਰੁਲਣ ਦੀ ਵੀ ਡਰ ਹੈ ।