ਪੈਟਰੋਲ 100 ਤੋਂ ਪਾਰ ਕਰ'ਤਾ, ਹੋਰ ਕਿੰਨੇ ਕੁ ਚਾਹੀਦੇ ਅੱਛੇ ਦਿਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਛੂਹਣ ਲੱਗ ਪਏ ਹਨ। ਸੁਪਨੇ ਤਾਂ ਨਰਿੰਦਰ ਮੋਦੀ ਨੇ ਬੁਲਟ ਟਰੇਨ ਦੇ ਵਿਖਾਏ ਸਨ, ਪਰ ਮੋਟਰਸਾਈਕਲ ਤੇ ਬੈਠਣ ਜੋਗਾ ਨਹੀਂ ਛੱਡਿਆ। ਖ਼ੈਰ, ਖ਼ਬਰਾਂ ਕਹਿੰਦੀਆਂ ਹਨ ਕਿ ਤੇਲ ਕੰਪਨੀਆਂ ਨੇ ਲਗਾਤਾਰ 12ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ‘ਤੇ ਲਗਾਮ ਲਗਾਈ ਹੈ।

ਅੱਜ ਯਾਨੀ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਾ ਹੋਣ ਕਾਰਨ ਦੇਸ਼ ਦੀ ਰਾਜਧਾਨੀ ਵਿਚ ਪੈਟਰੋਲ 101.84 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਜਦਕਿ ਡੀਜ਼ਲ ਵੀ 89.87 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਇਸ ਦੇ ਨਾਲ ਹੀ ਮੁੰਬਈ ‘ਚ ਪੈਟਰੋਲ ਦੀ ਕੀਮਤ 107.83 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ ਵੀ ਸ਼ਹਿਰ ਵਿਚ 97.45 ਰੁਪਏ ਹੈ ਜੋ ਕਿ ਮਹਾਂਨਗਰਾਂ ਵਿਚ ਸਭ ਤੋਂ ਜ਼ਿਆਦਾ ਹੈ। ਸਾਰੇ ਮਹਾਂਨਗਰਾਂ ਵਿਚ ਪੈਟਰੋਲ ਦੀਆਂ ਕੀਮਤਾਂ ਹੁਣ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ ਹਨ।

ਦੱਸ ਦਈਏ ਕਿ ਅਪ੍ਰੈਲ 2020 ਤੋਂ ਲੈ ਕੇ ਹੁਣ ਤੱਕ ਪੈਟਰੋਲ 32.25 ਰੁਪਏ ਜਦਕਿ ਡੀਜ਼ਲ 27.58 ਰੁਪਏ ਮਹਿੰਗਾ ਹੋਇਆ ਹੈ। ਅਪ੍ਰੈਲ 2020 ਤੋਂ ਬਾਅਦ ਦਿੱਲੀ ਵਿਚ ਪੈਟਰੋਲ ਦੀ ਕੀਮਤ 69.59 ਰੁਪਏ ਪ੍ਰਤੀ ਲੀਟਰ ਤੋਂ 32.25 ਰੁਪਏ ਵੱਧ ਕੇ ਹੁਣ 101.84 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਦੌਰਾਨ ਕੌਮੀ ਰਾਜਧਾਨੀ ਵਿਚ ਡੀਜ਼ਲ ਦੀਆਂ ਕੀਮਤਾਂ 62.29 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 89.87 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ।