ਰਿਸ਼ਵਤ ਕਾਂਡ; ਕਿਹੜੇ-ਕਿਹੜੇ ਅਧਿਕਾਰੀ ਲਪੇਟੇ 'ਚ ਆਉਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਰਿਸ਼ਵਤ ਸਮੇਤ ਗ੍ਰਿਫਤਾਰ ਕੀਤੇ ਗਏ ਸਿੱਖਿਆ ਵਿਭਾਗ ਦੇ ਜੂਨੀਅਰ ਕਲਰਕ ਪ੍ਰਿਤਪਾਲ ਵੱਲੋਂ ਨਿੱਤ ਦਿਨੀਂ ਨਵੇਂ ਖੁਲਾਸੇ ਕੀਤੇ ਜਾ ਰਹੇ ਹਨ। ਬੇਸ਼ੱਕ ਪ੍ਰਿਤਪਾਲ ਨੂੰ ਵਿਜੀਲੈਂਸ ਵੱਲੋਂ ਅਦਾਲਤ ‘ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਪਰ ਦੂਜੇ ਪਾਸੇ ਪ੍ਰਿਤਪਾਲ ਦੁਆਰਾ ਜੋ ਜਾਣਕਾਰੀ ਵਿਜੀਲੈਂਸ ਨੂੰ ਦਿੱਤੀ ਹੈ ਉਹਦੇ ਮੁਤਾਬਿਕ ਕਈ ਅਧਿਕਾਰੀ ਅਤੇ ਕਰਮਚਾਰੀ ਇਸ ਰਿਸ਼ਵਤ ਕਾਂਡ ਦੇ ਵਿੱਚ ਲਪੇਟੇ ਜਾ ਸਕਦੇ ਹਨ।

ਭਾਂਵੇਂ ਹੀ ਲੱਖ ਰੁਪਈਆ ਰਿਸ਼ਵਤ ਲੈਣ ਦੇ ਮਾਮਲੇ ‘ਚ ਪ੍ਰਿਤਪਾਲ ਫੜਿਆ ਜਾ ਚੁੱਕਾ ਹੈ। ਪਰ ਵਿਭਾਗ ਵਿਚਲੇ ਅੰਦਰਲੇ ਸੂਤਰ ਦੱਸਦੇ ਹਨ ਕਿ ਪ੍ਰਿਤਪਾਲ ਦੇ ਪਿੱਛੇ ਇੱਕ ਸੀਨੀਅਰ ਅਧਿਕਾਰੀ ਦਾ ਹੱਥ ਸੀ। ਜਿਸ ਕੋਲੋਂ ਸਾਰੇ ਅਧਿਆਪਕ ਡਰਦੇ ਹਨ।

ਵਿਜੀਲੈਂਸ ਸਾਹਮਣੇ ਪ੍ਰਿਤਪਾਲ ਵਲੋਂ ਕੀਤੇ ਗਏ ਖੁਲਾਸਿਆਂ ਮੁਤਾਬਿਕ ਉਹਦੀ ਕਈ ਸਿੱਖਿਆ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਬਹਿਣੀ ਉੱਠਣੀ ਸੀ ਅਤੇ ਉਕਤ ਅਧਿਕਾਰੀਆਂ ਦੀ ਛਤਰ ਛਾਇਆ ਹੇਠ ਹੀ ਉਹ (ਪ੍ਰਿਤਪਾਲ) ਵੱਡੀਆਂ ਵੱਡੀਆਂ ਰਿਸ਼ਵਤ ਦੀਆਂ ਡੀਲਾਂ ਕਰਦਾ ਰਿਹਾ।

ਵਿਜੀਲੈਂਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਵਿਭਾਗ ਦੇ ਕਈ ਅਧਿਆਪਕਾਂ ਵੱਲੋਂ ਹੁਣ ਗੁਪਤ ਰੂਪ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਦੇ ਨਾਲ ਵੀ ਪ੍ਰਿਤਪਾਲ ਨੇ ਠੱਗੀ ਮਾਰੀ। ਸਿੱਖਿਆ ਵਿਭਾਗ ਦੇ ਸੂਤਰ ਦੱਸਦੇ ਹਨ ਕਿ ਇੱਕ ਅਧਿਆਪਕ ਦੀ ਵੀਆਈਪੀ ਤਬਾਦਲੇ ਵਾਸਤੇ ਪ੍ਰਿਤਪਾਲ ਢਾਈ ਤੋਂ ਤਿੰਨ ਲੱਖ ਰੁਪਏ ਅਧਿਆਪਕ ਤੋਂ ਵਸੂਲੀ ਕਰਦਾ ਸੀ।ਉਕਤ ਅਧਿਆਪਕਾਂ ਦੇ ਥੋੜ੍ਹੇ ਦਿਨਾਂ ਤੱਕ ਨਾਂ ਵੀ ਸਾਹਮਣੇ ਆ ਜਾਣਗੇ, ਜਿੰਨ੍ਹਾਂ ਦੇ ਨਾਲ ਪ੍ਰਿਤਪਾਲ ਨੇ ਮੋਟੀ ਠੱਗੀ ਮਾਰੀ।