ਹੁਣ ਲਖਨਊ ਬਣੇਗਾ ਦਿੱਲੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦੇ ਨਾਲ ਜਿਹੜਾ ਪੰਗਾ ਭਾਜਪਾ ਨੇ ਲਿਆ ਹੈ, ਉਹ ਪੰਗਾ ਹੁਣ ਭਾਜਪਾ ਨੂੰ ਹੀ ਮਹਿੰਗਾ ਪੈਣ ਵਾਲਾ ਹੈ। ਕਿਉਂਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਹੁਣ ਕੁੱਝ ਐਸਾ ਕਰਨ ਵਾਲੀਆਂ ਹਨ, ਜਿਸ ਨਾਲ ਸਰਕਾਰ ਦਾ ਪੂਰਾ ਤਖ਼ਤਾ ਹਿੱਲ ਜਾਵੇਗਾ। ਕਿਸਾਨਾਂ ਦੇ ਵੱਲੋਂ ਲੰਘੇ 8 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਰੱਦ ਕਰੇ, ਪਰ ਸਰਕਾਰ ਦਾ ਰਵੱਈਆ ਹੁਣ ਤੱਕ ਨਾ ਪੱਖੀ ਰਿਹਾ ਹੈ, ਜਿਸ ਦੇ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ। 

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਲਖਨਊ ਨੂੰ ਦਿੱਲੀ ਬਣਾਵਾਂਗੇ। ਉਨ੍ਹਾਂ ਕਿਹਾ ਕਿ ਲਖਨਊ ਦੇ ਚਾਰੇ ਪਾਸੇ ਸੜਕਾਂ ਨੂੰ ਬੰਦ ਕੀਤਾ ਜਾਵੇਗਾ। ਸਾਡਾ ਅੰਦੋਲਨ ਉਦੋਂ ਤੱਕ ਵਾਪਿਸ ਨਹੀਂ ਹੋਵੇਗਾ ਜਦੋਂ ਤੱਕ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ।

ਰਾਕੇਸ਼ ਟਿਕੈਤ ਨੇ ਕਿਹਾ, “ਅਸੀਂ ਕਿਸਾਨਾਂ ਵਿਚਕਾਰ ਜਾਵਾਂਗੇ। ਮੁਜ਼ੱਫਰਨਗਰ ਵਿੱਚ 5 ਸਤੰਬਰ ਨੂੰ ਇੱਕ ਵੱਡੀ ਕਿਸਾਨ ਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਕੈਮਰਾ ਅਤੇ ਕਲਮ ਦੀ ਰਾਖੀ ਕੀਤੀ ਜਾ ਰਹੀ ਹੈ। ਪੂਰੇ ਦੇਸ਼ ਨੂੰ ਕਬਜ਼ੇ ਵਿੱਚ ਰੱਖਿਆ ਹੋਇਆ ਹੈ। ਸਾਡਾ ਅੰਦੋਲਨ ਵਾਪਿਸ ਨਹੀਂ ਹੋਵੇਗਾ ਜਦ ਤੱਕ 3 ਕਾਨੂੰਨ ਵਾਪਿਸ ਨਹੀਂ ਲਏ ਜਾਂਦੇ। ਅਸੀਂ ਲਖਨਊ ਨੂੰ ਦਿੱਲੀ ਬਣਾਉਣ ਦਾ ਕੰਮ ਵੀ ਕਰਾਂਗੇ। ਲਖਨਊ ਦੇ ਚਾਰੇ ਪਾਸੇ ਸੜਕਾਂ ਨੂੰ ਬੰਦ ਕਰਨ ਦਾ ਕੰਮ ਕੀਤਾ ਜਾਵੇਗਾ।”

ਇਸਦੇ ਨਾਲ ਹੀ ਉਨ੍ਹਾਂ ਕਿਹਾ, “ਯੂਪੀ ਅੰਦੋਲਨ ਦਾ ਸੂਬਾ ਹੈ। ਗੰਨੇ ਦਾ ਰੇਟ 4 ਸਾਲਾਂ ਤੋਂ ਨਹੀਂ ਵਧਾਇਆ ਗਿਆ, 12 ਹਜ਼ਾਰ ਕਰੋੜ ਰੁਪਏ ਅਜੇ ਬਕਾਇਆ ਹਨ। ਯੋਗੀ ਸਰਕਾਰ ਨੇ ਗੰਨੇ ਦਾ ਇੱਕ ਰੁਪਿਆ ਵੀ ਨਹੀਂ ਵਧਾਇਆ। 7-8 ਰਾਜਾਂ ਵਿੱਚ ਕਿਸਾਨਾਂ ਲਈ ਬਿਜਲੀ ਮੁਫਤ ਹੈ ਪਰ ਯੂਪੀ ਵਿੱਚ ਅਜਿਹਾ ਨਹੀਂ ਹੈ। ਗੁਜਰਾਤ ਦੀ ਸਰਕਾਰ ਨੂੰ ਪੁਲਿਸ ਚਲਾਉਂਦੀ ਹੈ। ਅਜਿਹਾ ਹੀ ਕੁੱਝ ਯੂਪੀ ਵਿੱਚ ਵੀ ਹੋਣ ਜਾ ਰਿਹਾ ਹੈ ਜਿਥੇ ਰਾਜ ਨੂੰ ਇੱਕ ਪੁਲਿਸ ਰਾਜ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।”