ਕੀ ਅਧਿਆਪਕਾਂ ਦੀਆਂ ਮੰਗਾਂ ਦਾ ਹੋਵੇਗਾ ਨਿਪਟਾਰਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰਦੇ ਆ ਰਹੇ ਅਧਿਆਪਕਾਂ ਵੱਲੋਂ ਬੀਤੇ ਕੱਲ੍ਹ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਕੀਤੀ। ਇਹ ਮੀਟਿੰਗ 3704 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ਼ ਉਹਨਾਂ ਦੇ ਮੋਹਾਲੀ ਸਥਿਤ ਦਫ਼ਤਰ ਵਿਖੇ ਹੋਈ।

ਇਹ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਬਹੁਤ ਸੰਤੁਸ਼ਟੀਜਨਕ ਰਹੀ। ਇਸ ਮੀਟਿੰਗ ਦੌਰਾਨ ਯਾਦਵਿੰਦਰ ਸਿੰਘ ਮੁੱਖ ਸਲਾਹਕਾਰ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ ਸਕੱਤਰ 3704 ਅਧਿਆਪਕ ਯੂਨੀਅਨ ਮੌਜੂਦ ਰਹੇ। 

ਆਪਣੀਆਂ ਮੰਗਾਂ ਸਬੰਧੀ 3704 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਦੱਸਿਆ। 3704 ਅਧਿਆਪਕ ਸਾਹਿਬਾਨ ਦੀਆਂ ਬਦਲੀਆਂ ਦੀ ਮੁੱਖ ਮੰਗ ਨੂੰ ਪ੍ਰਵਾਨ ਕੀਤਾ ਗਿਆ ਅਤੇ ਤੀਜੇ ਰਾਊਂਡ ਤੋਂ ਬਾਅਦ ਇਕ ਸਪੈਸ਼ਲ ਰਾਊਂਡ ਚਲਾ ਕੇ ਬਹੁਤ ਹੀ ਜਲਦ 3704 ਨੂੰ ਬਦਲੀਆਂ ਦਾ ਮੌਕ਼ਾ ਦਿੱਤਾ ਜਾ ਰਿਹਾ ਹੈ।

ਜਿਹੜੇ ਜ਼ਿਲਿਆਂ ਵਿੱਚ ਅਜੇ ਤੱਕ ਇਕ ਵੀ ਤਨਖ਼ਾਹ ਨਹੀਂ ਮਿਲੀ। ਉਹਨਾਂ ਨੂੰ ਬਿਨਾਂ ਪੁਲਿਸ ਵੈਰੀਫਿਕੇਸ਼ਨ ਬਹੁਤ ਜਲਦ ਹੀ ਤਨਖ਼ਾਹ ਮਿਲੇਗੀ। ਪੇ-ਸਕੇਲ ਦੀ ਮੰਗ ਦੇ ਮੁੱਦੇ ਤੇ ਕੋਰਾ ਜਵਾਬ ਦੇ ਦਿੱਤਾ ਗਿਆ, ਜੋ ਮਿਲ਼ ਰਿਹਾ, ਉਹ ਹੀ ਮਿਲੇਗਾ। ਅੰਗਹੀਣ ਅਧਿਆਪਕ/ਵਿਧਵਾ ਅਤੇ ਤਲਾਕਸ਼ੁਦਾ ਆਦਿ ਸਪੈਸ਼ਲ ਕੈਟਾਗਰੀ ਦੇ ਅਧਿਆਪਕਾਂ ਨੂੰ ਪਹਿਲਾਂ ਵਾਂਗ ਹੀ ਪਹਿਲ ਦੇ ਅਧਾਰ ਤੇ ਬਦਲੀਆਂ ਦੇ ਲਈ ਵਿਚਾਰਿਆ ਜਾਵੇਗਾ।