ਨਿੱਜੀ ਸਕੂਲਾਂ ਨੂੰ ਪਛਾੜਦੇ ਸਰਕਾਰੀ ਸਕੂਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਨਿੱਜੀ ਸਕੂਲਾਂ ਦੀ ਬੇਸ਼ੱਕ ਪਹਿਲੋਂ ਪਹਿਲੋਂ ਕਾਫੀ ਝੜਾਈ ਹੁੰਦੀ ਸੀ, ਪਰ ਮੌਜੂਦਾ ਵੇਲੇ ਵਿੱਚ ਸਰਕਾਰੀ ਸਕੂਲਾਂ ਨੇ ਨਿੱਜੀ ਸਕੂਲਾਂ ਨੂੰ ਪਿਛਾਂਹ ਛੱਡ ਦਿੱਤਾ ਹੈ। ਸਰਕਾਰੀ ਸਕੂਲਾਂ ਵਿੱਚ ਹੁਣ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਵੀ ਵੱਧ ਐਕਟੀਵਿਟੀ ਹੁੰਦੀਆਂ ਹਨ ਅਤੇ ਇਸ ਦਾ ਸਭ ਤੋਂ ਵੱਧ ਫਾਇਦਾ ਆਮ ਗ਼ਰੀਬ ਘਰਾਂ ਦੇ ਬੱਚਿਆਂ ਨੂੰ ਹੋ ਰਿਹਾ ਹੈ, ਜਿਨ੍ਹਾਂ ਨੂੰ ਸਸਤੇ ਵਿੱਚ ਵਿੱਦਿਆ ਹਾਸਲ ਹੋ ਰਹੀ ਹੈ ਅਤੇ ਉਹ ਚੰਗੇ ਇਨਸਾਨ ਬਣ ਕੇ ਸਕੂਲਾਂ ਵਿੱਚੋਂ ਬਾਹਰ ਨਿਕਲ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਹੁਣ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਦਿਆਂ ਹੋਇਆ ਨਿੱਜੀ ਸਕੂਲਾਂ ਵਾਂਗ ਮਾਪੇ-ਅਧਿਆਪਕ ਮਿਲਣੀ ਦਾ ਪ੍ਰੋਗਰਾਮ ਅਰੰਭਿਆ ਗਿਆ ਹੈ। 

ਕੋਰੋਨਾ ਕਹਿਰ ਦੇ ਵਿੱਚ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਨਤੀਜਾ ਜਿੱਥੇ 100 ਪ੍ਰਤੀਸ਼ਤ ਰਿਹਾ, ਉਥੇ ਹੀ ਇਨ੍ਹਾਂ ਸਕੂਲਾਂ ਨੇ ਮਾਪੇ-ਅਧਿਆਪਕ ਮਿਲਣੀ ਕਰਕੇ, ਦੇਸ਼ ਵਿੱਚੋਂ ਵੱਖਰਾ ਸਥਾਨ ਪ੍ਰਾਪਤ ਕਰ ਲਿਆ ਹੈ। ਸਾਰੇ ਸਕੂਲਾਂ ਦੇ ਵਾਂਗ ਬੀਤੇ ਕੱਲ੍ਹ ਤੋਂ ਅੱਜ ਤੱਕ ਮਾਪੇ-ਅਧਿਆਪਕ ਮਿਲਣੀ ਕੀਤੀ ਗਈ। 

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ (ਮੋਗਾ) ਵਿੱਚ ਮਾਪੇ-ਅਧਿਆਪਕ ਮਿਲਣੀ ਦੇ ਪਹਿਲੇ ਦਿਨ ਮਾਪਿਆਂ ਨੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਲੈਣ ਅਤੇ ਕੋਰੋਨਾ ਕਾਲ ਵਿੱਚ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦਾ ਉਤਸ਼ਾਹ ਵਧਾਏ ਰੱਖਣ ਲਈ ਸਕੂਲ ਵਿੱਚ ਭਾਰੀ ਉਤਸ਼ਾਹ ਨਾਲ ਸ਼ਿਰਕਤ ਕੀਤੀ।

ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ (ਮੋਗਾ) ਦੀ ਲੈਕਚਰਾਰ ਪਰਮਜੀਤ ਕੌਰ ਨੇ ਦੱਸਿਆ ਕਿ ਸਕੂਲ ਆਏ ਬੱਚਿਆਂ ਨੂੰ ਦੱਸਿਆ ਕਿ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਸਕੂਲਾਂ ਵਿੱਚ ਬਾਖੂਬੀ ਪਾਲਣ ਕੀਤਾ ਜਾ ਰਿਹਾ ਹੈ। ਉਹਨਾਂ ਨੇ ਵਿਦਿਆਰਥੀਆਂ ਵੱਲੋਂ ਸਕੂਲਾਂ ਵਿੱਚ ਮਾਸਕ ਪਹਿਨਣ, ਆਪਸੀ ਦੂਰੀ ਬਣਾਈ ਰੱਖਣ ਅਤੇ ਹੱਥਾਂ ਨੂੰ ਵਾਰ-ਵਾਰ ਨਿਸ਼ਚਿਤ ਸਮੇਂ ਦੇ ਅੰਤਰਾਲ ਨਾਲ ਧੋਣ ਜਾਂ ਸੈਨੀਟਾਈਜ਼ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਇਹਨਾਂ ਹਦਾਇਤਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ। ਮਾਪੇ-ਅਧਿਆਪਕ ਮਿਲਣੀ ਵਿੱਚ ਸ਼ਾਮਿਲ ਹੋਏ ਮਾਪਿਆਂ ਅਤੇ ਸਰਪ੍ਰਸਤਾਂ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ। ਇਥੇ ਦੱਸ ਦਈਏ ਕਿ ਸਕੂਲ ਵਿਚ ਮਾਪਿਆਂ ‘ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।

ਇਕ ਮੌਕੇ ਪ.ਸ.ਵ.ਕ ਕਮੇਟੀ ਦੇ ਚੇਅਰਮੈਨ ਜੰਗ ਸਿੰਘ ਨੇ ਅਧਿਆਪਕਾਂ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਸਮੂਹ ਮਾਪਿਆਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲਜੀਤ ਕੌਰ ਪੰਜਾਬੀ ਲੈਕਚਰਾਰ, ਬਲਦੇਵ ਸਿੰਘ, ਧਰਮਪਾਲ ਸਿੰਘ, ਪਰਮਜੀਤ ਕੌਰ ਲੈਕ (ਹਿਸਟਰੀ), ਗੁਰਇੰਦਰਜੀਤ ਕੌਰ, ਹਰਸਿਮਰਨ ਕੌਰ, ਹਰਮੇਸ਼ ਕੋਰ ਵੀਰਪਾਲ ਕੌਰ, ਗੁਰਪ੍ਰੀਤ ਕੌਰ, ਕਮਲਪ੍ਰੀਤ ਕੌਰ, ਸੁਖਦੀਪ ਕੌਰ, ਪਰਮਜੀਤ ਕੌਰ ਸਿਲਾਈ ਟੀਚਰ, ਦਲਜੀਤ ਕੌਰ ਸਾਇੰਸ ਅਧਿਆਪਕਾ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।

ਕੋਰੋਨਾ ਕਾਲ ਦੌਰਾਨ ਮੁਸ਼ਕਿਲ ਸਮੇਂ ਵਿੱਚ ਵਿਦਿਆਰਥੀਆਂ ਦਾ ਹੌਂਸਲਾ ਬਣਾਈ ਰੱਖਣ ਲਈ ਵਾਰ-ਵਾਰ ਫੋਨ ਜਾਂ ਵੀਡੀਓ ਕਾਲ ਕਰਨ ਅਤੇ ਸਮੇਂ ਅਨੁਸਾਰ ਕਿਤਾਬਾਂ ਅਤੇ ਮਿਡ-ਡੇ-ਮੀਲ ਘਰਾਂ ਵਿੱਚ ਪਹੁੰਚਾਉਣ ਲਈ ਮਾਪਿਆਂ ਨੇ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।