ਬੀਜੇਪੀ ਦਾ ਬਾਈਕਾਟ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਲਗਾਤਾਰ ਕਿਸਾਨਾਂ ਦਾ ਰੋਹ ਭਾਜਪਾ ਦੇ ਖਿਲਾਫ਼ ਵੱਧਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਤਾਂ ਭਾਜਪਾਈ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਨਾਲ ਦੀ ਨਾਲ ਆਮ ਲੋਕਾਂ ਵੱਲੋਂ ਵੀ ਭਾਜਪਾ ਲੀਡਰਾਂ ਨੂੰ ਗਲੀ ਮੁਹੱਲੇ ਵੜਨ ਨਹੀਂ ਦਿੱਤਾ ਜਾ ਰਿਹਾ। ਇਸ ਦਾ ਮੁੱਖ ਕਾਰਨ ਹੈ ਖੇਤੀ ਕਾਨੂੰਨ। ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ ਦੀਆਂ ਉਤੇ ਖੇਤੀ ਕਾਨੂੰਨਾਂ ਖਿਲਾਫ਼ ਲੱਗਿਆ ਮੋਰਚਾ ਦਿਨ ਪ੍ਰਤੀ ਦਿਨ ਮਗਦਾ ਜਾ ਰਿਹਾ ਹੈ, ਜਿਸ ਕਾਰਨ ਭਾਜਪਾ ਬੌਖ਼ਲਾਹਟ ਵਿੱਚ ਹੈ ਅਤੇ ਕਿਸਾਨਾਂ ਤੇ ਨਿੱਤ ਦਿਨੀਂ ਨਵੇਂ ਦੋਸ਼ ਮੜ੍ਹ ਰਹੀ ਹੈ। 

ਬੀਤੇ ਕੱਲ੍ਹ ਮੋਗਾ ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਾ ਨੂੰ ਗੁਮਰਾਹ ਕਰਨ ਲਈ ਧਾਰਮਿਕ ਆਸਥਾ ਦੀ ਆੜ ਹੇਠ ਇਕ ਝੂਠਾ ਸਮਾਗਮ ਕੀਤਾ ਜਾ ਰਿਹਾ ਸੀ। ਜਿਸ ਦੀ ਕਿਸਾਨ ਜਥੇਬੰਦੀਆਂ ਨੂੰ ਇਕ ਗੁਪਤ ਖਬਰ ਮਿਲੀ। ਇਸ ਕਰਕੇ ਕਿਰਤੀ ਕਿਸਾਨ ਯੂਨਿਅਨ ਅਤੇ ਬੀ ਕੇ ਯੂ ਖੋਸਾ ਨੇ ਸਮਾਗਮ ਵਾਲੀ ਜਗਾ ‘ਤੇ ਪਹੁੰਚ ਕੇ ਬੀਜੇਪੀ ਮੁਰਦਾਬਾਦ, ਬੀਜੇਪੀ ਦਾ ਜਿਲਾ ਪ੍ਰਧਾਨ ਮੁਰਦਾਬਾਦ ਦੇ ਨਾਅਰੇ ਲਗਾ ਕੇ ਆਪਣਾ ਵਿਰੋਧ ਦਰਜ ਕਰਵਾਇਆ।

ਇਸ ਮੌਕੇ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਸਿੰਘ ਮਾਣੂਕੇ , ਕਿਰਤੀ ਕਿਸਾਨ ਯੂਨਿਅਨ ਇਕਾਈ ਘੱਲ ਕਲਾਂ ਦੇ ਪ੍ਧਾਨ ਤੀਰਥਵਿੰਦਰ ਸਿੰਘ, ਸੁਖਵਿੰਦਰ ਡਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਦਿਨੀਂ ਆਰਐਸਐਸ ਦੇ ਜਨਰਲ ਸਕੱਤਰ, ਬਜਰੰਗ ਦਲ ਦੇ ਪ੍ਰਧਾਨ ਦੇਵ ਪ੍ਰਿਆ ਤਿਆਗੀ ਦੀ ਅਗਵਾਈ ਹੇਠ ਧਾਰਮਿਕ ਆੜ ਵਿੱਚ ਸ਼ਹਿਰ ਚੋਂ ਰਥ ਯਾਤਰਾ ਕੱਢੀ ਗਈ ਸੀ ਅਤੇ ਅੱਜ ਬੀਜੇਪੀ ਵੱਲੋਂ ਰਾਸ਼ਨ ਵੰਡਣ ਦਾ ਢੋਂਗ ਕੀਤਾ ਗਿਆ ਹੈ।

ਇਹ ਸਿਰਫ ਧਾਰਮਿਕ ਆੜ ਵਿੱਚ, ਲੋਕਾਂ ਨੂੰ ਰਾਸ਼ਨ ਵੰਡਣ ਦੇ ਦੋਵੇਂ ਕਾਰਜ ਲੋਕਾਂ ਚੋਂ ਕੱਟੀ ਜਾ ਚੁੱਕੀ ਬੀਜੇਪੀ ਸਰਕਾਰ ਦੇ ਮੁੜ ਪੈਰ ਲਗਾਉਣ ਦੀ ਕੋਸ਼ਿਸ਼ ਦਾ ਹਿੱਸਾ ਹਨ। ਉਹਨਾਂ ਕਿਹਾ ਕਿ ਆਰ ਐਸ ਐਸ ਇੱਕ ਪਾਬੰਦੀਸ਼ੁਦਾ ਸੰਸਥਾ ਹੈ, ਪਰ ਆਰਐਸਐਸ ਵੱਖੋ ਵੱਖਰੀਆਂ ਸ਼ਾਖਾਵਾਂ ਦੇ ਨਾਮ ‘ਤੇ ਕੰਮ ਕਰ ਰਹੀ ਹੈ। ਇਸ ਆਰ ਐਸ ਐਸ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਮੋਦੀ ਸਰਕਾਰ ਨਾਲ ਖੜੀ ਹੈ।