ਤਾਨਾਸ਼ਾਹੀ ਹੁਕਮ: ਕੌਮੀ ਸੁਰੱਖਿਆ ਐਕਟ ਤਹਿਤ ਦਿੱਲੀ ਪੁਲਿਸ ਕਿਸੇ ਨੂੰ ਵੀ ਕਰ ਸਕੇਗੀ ਗ੍ਰਿਫਤਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਸਾਡਾ ਮੁਲਕ ਲੋਕਤੰਤਰਿਕ ਦੇਸ਼ ਹੈ, ਪਰ ਇਸ ਦੇ ਬਾਵਜੂਦ ਵੀ ਇਸ ਦੇਸ਼ ਦੇ ਅੰਦਰ ਤਾਨਾਸ਼ਾਹੀ ਹੁਕਮ ਲਾਗੂ ਹੁੰਦੇ ਰਹਿੰਦੇ ਹਨ। ਦਿੱਲੀ ਸਰਕਾਰ ਦੇ ਕੇਂਦਰ ਸਰਕਾਰ ਨੇ ਪੂਰਨ ਅਧਿਕਾਰ ਖੋਹ ਕੇ, ਉਥੇ ਸਿਰਫ਼ ਨਾਂ ਦੀ ਹੀ ਕੇਜਰੀਵਾਲ ਸਰਕਾਰ ਰਹਿਣ ਦਿੱਤੀ ਹੈ। ਦਿੱਲੀ ਸਰਕਾਰ ਦੀਆਂ ਸਮੂਹ ਤਾਕਤਾਂ ਕੇਂਦਰ ਨੇ ਆਪਣੇ ਅਧੀਨ ਕਰ ਲਈਆਂ ਹਨ। ਹੁਣ ਦਿੱਲੀ ਪੁਲਿਸ ਨੂੰ ਦਿੱਲੀ ਦੇ ਉਪ ਰਾਜਪਾਲ ਦੇ ਵੱਲੋਂ ਅਨੋਖਾ ਹੁਕਮ ਸੁਣਾਇਆ ਗਿਆ ਹੈ, ਜਿਸ ਦੇ ਤਹਿਤ ਦਿੱਲੀ ਪੁਲਿਸ ਹੁਣ ਕਿਸੇ ਨੂੰ ਵੀ ਗ੍ਰਿਫਤਾਰ ਕਰਕੇ ਸਲਾਖ਼ਾਂ ਪਿਛੇ ਬੰਦ ਕਰ ਸਕਦੀ ਹੈ। 

ਇੱਕ ਹਿੰਦੀ ਨਿਊਜ਼ ਵੈਬਸਾਈਟ ਦੀ ਖ਼ਬਰ ਦੇ ਮੁਤਾਬਿਕ, ਦਿੱਲੀ ਦੇ ਉਪ ਰਾਜਪਾਲ ਵੱਲੋਂ ਦਿੱਲੀ ਪੁਲਿਸ ਕਮਿਸ਼ਨਰ ਨੂੰ 18 ਅਕਤੂਬਰ ਤੱਕ ਕੌਮੀ ਸੁਰੱਖਿਆ ਐਕਟ (ਐਨਐੱਸਏ) ਤਹਿਤ ਕਿਸੇ ਨੂੰ ਵੀ ਗ੍ਰਿਫ਼ਤਾਰ ਕਰਨ ਦੀਆਂ ਤਾਕਤਾਂ ਦਿੱਤੀਆਂ ਗਈਆਂ ਹਨ।

ਇਹ ਹੁਕਮ ਆਜ਼ਾਦੀ ਦਿਵਸ ਅਤੇ ਜੰਤਰ-ਮੰਤਰ ‘ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਕੀਤੀ ਜਾ ਰਹੀ ‘ਕਿਸਾਨ-ਸੰਸਦ’ ਦੌਰਾਨ ਜਾਰੀ ਕੀਤੇ ਗਏ ਹਨ, ਜਿਸ ਨੂੰ ਦਿੱਲੀ ਪੁਲਿਸ ਵੱਲੋਂ ਆਮ ਵਾਂਗ ਦਿੱਤੇ ਹੁਕਮ ਦੱਸਿਆ ਜਾ ਰਿਹਾ ਹੈ।

ਇਕ ਸਰਕਾਰੀ ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਦਿੱਲੀ ਪੁਲਿਸ ਕਮਿਸ਼ਨਰ ਬਾਲਾਜੀ ਸ੍ਰੀਵਾਸਤਵ ਨੂੰ 18 ਅਕਤੂਬਰ ਤੱਕ ਕਿਸੇ ਨੂੰ ਵੀ ਐੱਨਐੱਸਏ ਤਹਿਤ ਨਜ਼ਰਬੰਦ ਕਰਨ ਦਾ ਅਧਿਕਾਰ ਦਿੱਤਾ ਹੈ।

ਪੁਲਿਸ ਸੂਤਰਾਂ ਮੁਤਾਬਕ ਜੇਕਰ ਪੁਲਿਸ ਅਧਿਕਾਰੀ ਇਹ ਮਹਿਸੂਸ ਕਰੇ ਕਿ ਕੋਈ ਵਿਅਕਤੀ ਦੇਸ਼ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਲਈ ਖ਼ਤਰਾ ਹੈ ਤਾਂ ਉਸ ਨੂੰ ਐੱਨਐੱਸਏ ਤਹਿਤ ਕਈ ਮਹੀਨਿਆਂ ਤੱਕ ਹਿਰਾਸਤ ਵਿੱਚ ਰੱਖਣ ਦੀ ਆਗਿਆ ਹੁੰਦੀ ਹੈ। ਦੂਜੇ ਪਾਸੇ ਪੁਲਿਸ ਦਾ ਦਾਅਵਾ ਹੈ ਇਹ ਇੱਕ ਆਮ ਹੁਕਮ ਹਨ ਤੇ ਇਸ ਦਾ ਕਿਸਾਨਾਂ ਦੇ ਵਿਰੋਧ ਨਾਲ ਕੋਈ ਸਬੰਧ ਨਹੀਂ ਹੈ।