ਆਖ਼ਰ ਵੱਜ ਹੀ ਗਈ ਸਕੂਲ ਦੀ ਘੰਟੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਸਕੂਲ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ। ਭਲਕੇ ਸੋਮਵਾਰ ਤੋਂ ਪੰਜਾਬ ਦੇ ਸਾਰੇ ਸਕੂਲ ਖੁੱਲ ਰਹੇ ਹਨ। ਜਾਣਕਾਰੀ ਦੇ ਮੁਤਾਬਿਕ, ਪੰਜਾਬ ਸਰਕਾਰ ਵੱਲੋਂ ਐਲਾਨ ਨਾਲ ਹੁਣ 26 ਜੁਲਾਈ (ਕੱਲ੍ਹ) ਤੋਂ ਦਸਵੀਂ, ਗਿਆਰਵੀਂ ਅਤੇ ਬਾਰਵੀਂ ਦੀਆਂ ਕਲਾਸਾਂ ਨਾਲ ਸਕੂਲ ਖੋਲੇ ਜਾ ਸਕਣਗੇ।

ਪੰਜਾਬ ਲਈ ਕੋਵਿਡ ਪਾਜੇਟਿਵਿਟੀ ਦਰ ਘਟ ਕੇ 0.3 ਫੀਸਦੀ ਤੱਕ ਹੋ ਜਾਣ ਅਤੇ ਮੁੜ ਪੈਦਾ ਹੋਣ ਦੀ ਗਿਣਤੀ 0.75 ਫੀਸਦੀ ਰਹਿਣ (ਕੌਮੀ ਔਸਤ ਨਾਲੋਂ ਘੱਟ) ਉਤੇ ਗੌਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਕੂਲਾਂ ਨੂੰ ਦਸਵੀਂ ਤੋਂ ਬਾਰਵੀਂ ਤੱਕ ਕਲਾਸਾਂ ਲਾਉਣ ਦੀ ਇਜਾਜਤ ਹੋਵੇਗੀ, ਪਰ ਸਿਰਫ ਉਹੀ ਅਧਿਆਪਕ ਅਤੇ ਸਟਾਫ ਨੂੰ ਫਿਜੀਕਲੀ ਹਾਜਰ ਹੋਣ ਦੀ ਆਗਿਆ ਹੋਵੇਗੀ ਜਿਨਾਂ ਦਾ ਪੂਰੀ ਤਰਾਂ ਟੀਕਾਕਰਨ ਹੋਇਆ ਹੋਵੇ।

ਉਨਾਂ ਨੇ ਆਦੇਸ਼ ਦਿੱਤਾ ਕਿ ਇਸ ਸਬੰਧ ਵਿਚ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਤੌਰ ਉਤੇ ਸੂਚਿਤ ਕਰਨਾ ਹੋਵੇਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜੇਕਰ ਸਥਿਤੀ ਕਾਬੂ ਹੇਠ ਰਹੀ ਤਾਂ ਬਾਕੀ ਕਲਾਸਾਂ ਵੀ ਇਸੇ ਤਰਾਂ 2 ਅਗਸਤ, 2021 ਤੋਂ ਖੋਲਣ ਦੀ ਆਗਿਆ ਹੋਵੇਗੀ। ਉਨਾਂ ਨੇ ਅੱਗੇ ਕਿਹਾ ਕਿ ਕੈਂਬਰਿਜ ਯੂਨੀਵਰਸਿਟੀ ਨੇ ਪੇਸ਼ੀਨਗੋਈ ਕੀਤੀ ਹੈ ਕਿ ਆਉਂਦੇ ਹਫਤਿਆਂ ਵਿਚ ਕੇਸਾਂ ਵਿਚ ਹੋਰ ਕਮੀ ਆਵੇਗੀ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਾਲਜਾਂ, ਕੋਚਿੰਗ ਸੈਂਟਰਾਂ ਅਤੇ ਉਚੇਰੀ ਸਿੱਖਿਆ ਦੇ ਹੋਰ ਸਾਰੀਆਂ ਸੰਸਥਾਵਾਂ ਨੂੰ ਵੀ ਅਜਿਹੀ ਹੀ ਪਾਲਣਾ ਨਾਲ ਖੋਲਣ ਦੀ ਇਜਾਜਤ ਦਿੱਤੀ ਸੀ। ਕੋਵਿਡ ਦੀ ਸਥਿਤੀ ਬਾਰੇ ਵਰਚੂਅਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਸਰੂਪ ਵਿਚ ਆਏ ਬਦਲਾਅ ਬਾਰੇ ਮਹੀਨਾਵਾਰ ਅੰਕੜਿਆਂ ਨੇ ਦਰਸਾਇਆ ਹੈ ਕਿ 90 ਫੀਸਦੀ ਤੋਂ ਵੱਧ ਵਾਇਰਸ ਦੀ ਕਿਸਮ ਚਿੰਤਾਜਨਕ ਹੈ, ਕਿਉਂ ਜੋ ਮੂਲ ਵਾਇਰਸ ਵਿਵਹਾਰਕ ਤੌਰ ਉਤੇ ਹੋਰ ਕਿਸਮਾਂ ਵਿਚ ਬਦਲ ਚੁੱਕਾ ਹੈ ਅਤੇ ਜੂਨ ਮਹੀਨੇ ਵਿਚ ਵੀ ਡੈਲਟਾ ਨੇ ਜ਼ੋਰ ਫੜਿਆ ਹੋਇਆ ਸੀ। ਉਨਾਂ ਕਿਹਾ ਕਿ ਹਾਲਾਂਕਿ ਡੈਲਟਾ ਪਲੱਸ ਦਾ ਕੋਈ ਨਵਾਂ ਕੇਸ ਨਹੀਂ ਹੈ।